ਅੰਪਾਇਰ ਦੇ ਇਸ ਵਿਵਾਦਤ ਫੈਸਲੇ ਕਾਰਨ ਚੇਨਈ ਖਿਤਾਬ ਬਚਾਉਣ ਤੋਂ ਖੁੰਝਿਆ (video)

05/13/2019 3:16:12 PM

ਹੈਦਰਾਬਾਦ : ਮੁੰਬਈ ਨੇ ਚੇਨਈ ਨੂੰ ਇਕ ਦੌੜ ਨਾਲ ਹਰਾ ਕੇ ਆਈ. ਪੀ. ਐੱਲ. ਸੀਜ਼ਨ 12 ਦਾ ਖਿਤਾਬੀ ਮੁਕਾਬਲਾ ਜਿੱਤ ਲਿਆ। ਇਹ ਚੌਥਾ ਮੌਕਾ ਹੈ ਜਦੋਂ ਮੁੰਬਈ ਨੇ ਇਸ ਟੂਰਨਾਮੈਂਟ ਦਾ ਫਾਈਨਲ ਜਿੱਤਿਆ ਹੋਵੇ ਪਰ ਦੂਜੇ ਪਾਸੇ ਚੇਨਈ ਦੀ ਹਾਰ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਮਹਿੰਦਰ ਸਿੰਘ ਧੋਨੀ ਦੇ ਰਨ ਆਊਟ ਹੋਣ ਦੇ ਫੈਸਲੇ 'ਤੇ ਲੋਕ ਸਵਾਲ ਚੁੱਕ ਰਹੇ ਹਨ। ਦਰਅਸਲ, ਚੇਨਈ ਟੀਮ 150 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਸੀ। ਇਕ ਸਮੇਂ ਉਸਦੀ ਸਥਿਤੀ ਮਜਬੂਤ ਸੀ। 9 ਓਵਰਾਂ ਵਿਚ 70 ਦੌੜਾਂ ਬਣ ਚੁੱਕੀਆਂ ਸੀ। ਜਿੱਤ ਲਈ 11 ਓਵਰਾਂ ਵਿਚ 80 ਦੌੜਾਂ ਦੀ ਲੋੜ ਸੀ। ਇਹ ਟੀਚਾ ਆਸਾਨ ਦਿਸ ਰਿਹਾ ਸੀ ਪਰ ਮੈਚ ਵਿਚ ਵਾਪਸੀ ਕਰਦਿਆਂ ਮੁੰਬਈ ਦੇ ਗੇਂਦਬਾਜ਼ਾਂ ਨੇ ਚੇਨਈ ਨੂੰ ਲਗਾਤਾਰ ਝਟਕੇ ਦਿੱਤੇ।

10ਵੇਂ ਓਵਰ ਵਿਚ ਸੁਰੇਸ਼ ਰੈਨਾ (8) ਅਤੇ ਅਗਲੇ ਹੀ ਓਵਰ ਵਿਚ ਅੰਬਾਤੀ ਰਾਇਡੂ (1) ਵੀ ਆਊਟ ਹੋ ਗਏ। ਫਿਰ ਧੋਨੀ ਬੱਲੇਬਾਜ਼ੀ ਕਰਨ ਆਏ। ਮੁਸ਼ਕਲ ਹਾਲਾਤਾਂ ਵਿਚ ਇਕ ਵਾਰ ਫਿਰ ਟੀਮ ਦੀ ਜ਼ਿੰਮੇਵਾਰੀ ਐੱਮ. ਐੱਸ. ਧੋਨੀ ਦੇ ਮੋਢਿਆਂ 'ਤੇ ਆ ਗਈ। 13ਵਾਂ ਓਵਰ ਹਾਰਦਿਕ ਪੰਡਯਾ ਲੈ ਕੇ ਆਏ। ਚੌਥੀ ਗੇਂਦ 'ਤੇ ਸ਼ੇਨ ਵਾਟਸਨ ਨੇ ਸ਼ਾਟ ਲੈਗ ਵੱਲ ਮਾਰਿਆ ਅਤੇ ਦੌੜ ਲੈਣ ਲਈ ਭੱਜੇ। ਮਲਿੰਗਾ ਨੇ ਫੀਲਡਿੰਗ ਕਰਦਿਆਂ ਗਲਤ ਥ੍ਰੋਅ ਮਾਰ ਦਿੱਤਾ। ਇਸ ਹਾਲਾਤ ਵਿਚ ਧੋਨੀ ਡਬਲ ਸਕੋਰ ਲੈਣ 'ਚ ਮਾਹਰ ਮੰਨੇ ਜਾਂਦੇ ਹਨ ਅਤੇ ਕੀਤਾ ਵੀ ਅਜਿਹਾ ਹੀ। ਇੱਥੇ ਹੀ ਧੋਨੀ ਗਲਤੀ ਕਰ ਬੈਠੇ ਕਿਉਂਕਿ ਇਸ਼ਾਨ ਕਿਸ਼ਨ ਨੇ ਸਿੱਧਾ ਥ੍ਰੋਅ ਮਾਰ ਕੇ ਧੋਨੀ ਨੂੰ ਮੁਸ਼ਕਲ ਵਿਚ ਪਾ ਦਿੱਤਾ। ਗ੍ਰਾਊਂਡ ਅੰਪਾਇਰ ਨੇ ਫੈਸਲਾ ਤੀਜੇ ਅੰਪਾਇਰ ਨੂੰ ਰੈਫਰ ਕਰ ਦਿੱਤਾ। ਟੀਵੀ ਅੰਪਾਇਰ ਨੇ ਹਰ ਕੈਮਰਾ ਐਂਗਲ ਨਾਲ ਰੀ ਪਲੇਅ ਦੇਖਿਆ ਪਰ ਕਿਸੇ ਵਿਚ ਐਂਗਲ ਤੋਂ ਸਾਫ ਨਹੀਂ ਹੋ ਰਿਹਾ ਸੀ। ਦਰਸ਼ਕ ਵੀ ਮੈਦਾਨ 'ਤੇ ਵੱਡੀ ਸਕ੍ਰੀਨ ਵੱਲ ਹੀ ਦੇਖ ਰਹੇ ਸੀ ਜਿੱਥੇ ਧੋਨੀ ਬਾਰੇ ਫੈਸਲਾ ਲਿਆ ਜਾਣਾ ਸੀ। ਕਿਸੇ ਐਂਗਲ ਵਿਚ ਧੋਨੀ ਕ੍ਰੀਜ਼ ਵਿਚ ਪਹੁੰਚੇ ਦਿੱਸ ਰਹੇ ਸੀ ਅਤੇ ਕਿਸੇ ਵਿਚ ਉਸਦਾ ਬੱਲਾ ਕ੍ਰੀਜ਼ ਤੋਂ ਬਾਹਰ ਦਿੱਸ ਰਿਹਾ ਸੀ। ਦੱਸ ਦਈਏ ਕਿ ਅਜਿਹੇ ਹਾਲਾਤਾਂ ਵਿਚ ਫੈਸਲਾ ਬੱਲੇਬਾਜ਼ਾਂ ਦੇ ਹੱਕ ਵਿਚ ਦਿੱਤਾ ਜਾਂਦਾ ਹੈ ਪਰ ਧੋਨੀ ਦੇ ਮਾਮਲੇ ਵਿਚ ਅਜਿਹਾ ਨਹੀਂ ਹੋਇਆ ਅਤੇ ਧੋਨੀ ਨੂੰ ਆਊਟ ਕਰ ਦਿੱਤਾ ਗਿਆ।

ਤੀਜੇ ਅੰਪਾਇਰ ਦੇ ਇਸ ਫੈਸਲੇ ਤੋਂ ਪੂਰਾ ਕ੍ਰਿਕਟ ਜਗਤ ਹੈਰਾਨ ਰਹਿ ਗਿਆ। ਦੁਨੀਆ ਦੇ ਨੰਬਰ ਇਕ ਫਿਨਿਸ਼ਰ ਧੋਨੀ 8 ਗੇਂਦਾਂ 2 ਦੌੜਾਂ ਬਣਾਉਣ ਤੋਂ ਬਾਅਦ ਜਦੋਂ ਆਊਟ ਹੋਏ ਤਾਂ ਚੇਨਈ ਦੇ ਪ੍ਰਸ਼ੰਸਕਾਂ ਦੇ ਪੈਰੋਂ ਮੰਨੋ ਜਿਵੇਂ ਜਮੀਨ ਹੀ ਖਿਸਕ ਗਈ ਹੋਵੇ ਅਤੇ ਹੋਇਆ ਵੀ ਕੁਝ ਇਸ ਤਰ੍ਹਾਂ ਹੀ। ਇਸ ਵਿਕਟ ਦਾ ਨੁਕਸਾਨ ਚੇਨਈ ਨੂੰ ਖਿਤਾਬ ਗੁਆ ਕੇ ਭੁਗਤਣਾ ਪਿਆ। ਹੁਣ ਲੋਕ ਇਹੀ ਪੁੱਛ ਰਹੇ ਹਨ ਕਿ ਧੋਨੀ ਆਊਟ ਸੀ ਜਾਂ ਨਹੀਂ।

Ranjit

This news is Content Editor Ranjit