ਚੰਡੀਗੜ੍ਹ ਕ੍ਰਿਕਟ ਨੂੰ ਮਿਲੀ BCCI ਤੋਂ ਮਾਨਤਾ

07/27/2019 2:54:50 PM

ਚੰਡੀਗੜ੍ਹ : ਚੰਡੀਗੜ੍ਹ ਕ੍ਰਿਕਟ ਨੂੰ ਕਰੀਬ 4 ਦਹਾਕੇ ਬਾਅਦ ਆਖਰਕਾਰ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀ. ਸੀ. ਸੀ. ਆਈ.) ਤੋਂ ਮਾਨਤਾ ਮਿਲ ਗਈ ਹੈ, ਜਿਸ ਤੋਂ ਬਾਅਦ ਕੇਂਦਰ ਸ਼ਾਸਤ ਸੂਬੇ ਦੇ ਖਿਡਾਰੀ ਵੀ ਉਸਦੇ ਟੂਰਨਾਮੈਂਟ ਵਿਚ ਹਿੱਸਾ ਲੈ ਸਕਣਗੇ। ਕੇਂਦਰ ਸ਼ਾਸਤ ਕ੍ਰਿਕਟ ਸੰਘ (ਯੂ. ਟੀ. ਸੀ. ਏ.) ਦੇ ਪ੍ਰਧਾਨ ਸੰਜੇ ਟੰਡਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀ. ਸੀ. ਸੀ. ਆਈ. ਵੱਲੋਂ ਚੰਡੀਗੜ੍ਹ ਕ੍ਰਿਕਟ ਨੂੰ ਮਾਨਤਾ ਪ੍ਰਦਾਨ ਕੀਤੀ ਗਈ ਹੈ। ਉਸਨੇ ਕਿਹਾ, ''ਬੀ. ਸੀ. ਸੀ. ਆਈ. ਦੀ ਬੈਠਕ ਵਿਚ ਚੰਡੀਗੜ੍ਹ ਨੂੰ ਮਾਨਤਾ ਦੇਣ 'ਤੇ ਸਹਿਮਤੀ ਜਤਾ ਦਿੱਤੀ ਗਈ ਹੈ। ਮੈਨੂੰ ਬੀ. ਸੀ. ਸੀ. ਆਈ. ਵੱਲੋਂ ਇਸਦੀ ਜਾਣਕਾਰੀ ਦਿੱਤੀ ਗਈ ਹੈ ਕਿ ਚੰਡੀਗੜ੍ਹ ਨੂੰ ਬੋਰਡ ਨੇ ਕ੍ਰਿਕਟ ਦਰਜਾ ਪ੍ਰਾਪਤ ਸੂਬੇ ਦੇ ਤੌਰ 'ਤੇ ਸ਼ਾਮਲ ਕਰ ਲਿਆ ਹੈ।''

ਯੂ. ਟੀ. ਸੀ. ਏ. ਨੂੰ ਸਾਲ 1982 ਵਿਚ ਰਜਿਸਟਰ ਕੀਤਾ ਗਿਆ ਸੀ ਅਤੇ ਕਈ ਸਾਲਾਂ ਬਾਅਦ ਜਾ ਕੇ ਉਸ ਨੂੰ ਮਾਨਤਾ ਦੇ ਦਿੱਤੀ ਗਈ ਹੈ। ਬੀ. ਸੀ. ਸੀ. ਆਈ. ਨੇ ਹਾਲਾਂਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਕ੍ਰਿਕਟ ਸੰਘ (ਪੰਜਾਬ) ਅਤੇ ਚੰਡੀਗੜ੍ਹ ਕ੍ਰਿਕਟ ਸੰਘ (ਹਰਿਆਣਾ) ਨੂੰ ਮਿਲਾ ਕੇ ਇਸ ਸੰਸਥਾ ਬਣਾਉਣ ਲਈ ਕਿਹਾ ਸੀ। ਸੀ. ਸੀ. ਏ. ਪੰਜਾਬ ਨੇ ਹਾਲਾਂਕਿ ਇਸ ਦੀ ਸਹਿਮਤੀ ਜਤਾਈ ਸੀ ਪਰ ਹਰਿਆਣਾ ਨੇ ਇਸ ਤੋਂ ਮਨ੍ਹਾ ਕਰ ਦਿੱਤਾ ਸੀ। ਬੀ. ਸੀ. ਸੀ. ਆਈ. ਦੇ ਇਸ ਫੈਸਲੇ ਤੋਂ ਬਾਅਦ ਹੁਣ ਚੰਡੀਗੜ੍ਹ ਦੇ ਕ੍ਰਿਕਟਰ ਬੀ. ਸੀ. ਸੀ. ਆਈ. ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਟੂਰਨਾਮੈਂਟਾ ਵਿਚ ਹਿੱਸਾ ਲੈ ਸਕਣਗੇ ਜਦਕਿ ਪਹਿਲਾਂ ਉਨ੍ਹਾਂ ਨੂੰ ਪੰਜਾਬ ਜਾਂ ਹਰਿਆਣਾ ਵੱਲੋਂ ਖੇਡਣਾ ਪੈਂਦਾ ਸੀ।