ਚਾਲਮਰਸ ਨੂੰ ਨਹੀਂ ਪਤਾ ਰਾਸ਼ਟਰਮੰਡਲ ਖੇਡਾਂ ''ਚ ਕੌਣ ਹੈ ਉਨ੍ਹਾਂ ਦਾ ਮੁਕਾਬਲੇਬਾਜ਼

04/01/2018 1:18:27 PM

ਗੋਲਡ ਕੋਸਟ (ਬਿਊਰੋ)— ਆਸਟਰੇਲੀਆ ਦੇ ਓਲੰਪਿਕ ਚੈਂਪੀਅਨ ਤੈਰਾਕ ਕਾਈਲ ਚਾਲਮਰਸ ਤੋਂ ਇਹ ਨਾ ਪੁੱਛੋ ਕਿ ਰਾਸ਼ਟਰਮੰਡਲ ਖੇਡਾਂ 'ਚ ਉਨ੍ਹਾਂ ਦਾ ਮੁੱਖ ਮੁਕਾਬਲੇਬਾਜ਼ ਕੌਣ ਹੈ, ਕਿਉਂਕਿ ਉਨ੍ਹਾਂ ਦਾ ਜਵਾਬ ਹੋਵੇਗਾ ਕਿ ਉਹ ਕੁਝ ਨਹੀਂ ਜਾਣਦੇ। ਚਾਲਮਰਸ ਨੇ 2 ਸਾਲ ਪਹਿਲਾਂ 18 ਸਾਲ ਦੀ ਉਮਰ 'ਚ ਰੀਓ ਓਲੰਪਿਕ ਖੇਡਾਂ 'ਚ ਸੋਨ ਤਮਗਾ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਹ ਰਾਸ਼ਟਰਮੰਡਲ ਖੇਡਾਂ 'ਚ 100 ਮੀਟਰ ਫ੍ਰੀਸਟਾਈਲ 'ਚ ਤਮਗੇ ਦੇ ਮਜ਼ਬੂਤ ਦਾਅਵੇਦਾਰ ਹਨ।

ਚਾਲਮਰਸ ਰੀਓ 'ਚ ਓਲੰਪਿਕ 100 ਮੀਟਰ ਫ੍ਰੀਸਟਾਈਲ ਦਾ ਸੋਨ ਤਮਗਾ ਜਿੱਤਣ ਵਾਲੇ ਪਿਛਲੇ 48 ਸਾਲਾਂ 'ਚ ਪਹਿਲੇ ਆਸਟਰੇਲੀਆਈ ਤੈਰਾਕ ਬਣੇ ਸਨ। ਉਨ੍ਹਾਂ ਨੂੰ ਸਿਰਫ ਇੰਨਾ ਪਤਾ ਹੈ ਕਿ ਰਾਸ਼ਟਰਮੰਡਲ ਖੇਡਾਂ 'ਚ ਉਨ੍ਹਾਂ ਦਾ ਸਾਹਮਣਾ ਆਪਣੇ ਸਾਥੀ ਕੈਮਰਨ ਮੈਕੀਵਾਇ ਅਤੇ ਜੈਕ ਕਾਰਟਰਾਈਟ ਨਾਲ ਹੋਵੇਗਾ ਪਰ ਇਸ ਤੋਂ ਇਲਾਵਾ ਉਨ੍ਹਾਂ ਨੂੰ ਕੁਝ ਨਹੀਂ ਪਤਾ ਹੈ।

ਇਸ ਯੁਵਾ ਤੈਰਾਕ ਤੋਂ ਪੁੱਛਿਆ ਗਿਆ ਕਿ ਵਿਦੇਸ਼ਾਂ 'ਚ ਉਹ ਕਿਸ ਨੂੰ ਆਪਣੇ ਲਈ ਸਖਤ ਚੁਣੌਤੀ ਮੰਨਦੇ ਹਨ, ਉਨ੍ਹਾਂ ਕਿਹਾ, ''ਮੈਨੂੰ ਕੁਝ ਨਹੀਂ ਪਤਾ। ਮੈਨੂੰ ਨਹੀਂ ਪਤਾ ਕਿ ਇੱਥੇ ਕਿਹੜੇ-ਕਿਹੜੇ ਤੈਰਾਕ ਆ ਰਹੇ ਹਨ। ਇਮਾਨਦਾਰੀ ਨਾਲ ਕਹਾਂ ਤਾਂ ਮੈਂ (ਦੁਨੀਆ ਭਰ 'ਚ) ਤੈਰਾਕੀ ਦੇ ਬਾਰੇ 'ਚ ਜਾਣਕਾਰੀ ਨਹੀਂ ਰਖਦਾ। ਇਸ ਲਈ ਮੈਨੂੰ ਇਸ ਦੇ ਬਾਰੇ 'ਚ ਕੁਝ ਨਹੀਂ ਪਤਾ ਹੈ।'' ਚਾਲਮਰਸ ਨੇ ਪੱਤਰਕਾਰਾਂ ਨੂੰ ਕਿਹਾ, ''ਮੈਨੂੰ ਨਹੀਂ ਪਤਾ ਕਿ ਗਲਾਸਗੋ ਰਾਸ਼ਟਰਮੰਡਲ ਖੇਡਾਂ 'ਚ ਕੀ ਹੋਇਆ ਸੀ। ਮੈਂ ਜਾਣਦਾ ਹਾਂ ਕਿ ਸਾਡੇ ਤਿੰਨ ਚੋਟੀ ਦੇ ਤੈਰਾਕ ਹਿੱਸਾ ਲੈ ਰਹੇ ਹਨ ਅਤੇ ਇਹ ਕਾਫੀ ਰੋਮਾਂਚਕ ਹੈ ਪਰ ਮੈਨੂੰ ਨਹੀਂ ਪਤਾ ਕਿ ਬਾਕੀ ਕਿਹੜੇ-ਕਿਹੜੇ ਲੋਕ ਇਸ ਮੁਕਾਬਲੇ 'ਚ ਉਤਰ ਰਹੇ ਹਨ।''