ਚਾਹਲ ‘Shorts’ ਪਹਿਨ ਕੇ ਕ੍ਰਿਕਟ ਖੇਡਣ ਦੇ ਪੱਖ ''ਚ ਨਹੀਂ

07/24/2022 12:53:04 PM

ਪੋਰਟ ਆਫ ਸਪੇਨ-  ਭਾਰਤ ਦੇ ਤਜਰਬੇਕਾਰ ਲੈੱਗ ਸਪਿਨਰ ਯੁਜਵੇਂਦਰ ਚਾਹਲ ਕ੍ਰਿਕਟ ਨੂੰ ਫੁੱਟਬਾਲ ਤੇ ਟੈਨਿਸ ਵਾਂਗ ਸ਼ਾਰਟਸ ਪਹਿਨ ਕੇ ਖੇਡਣ ਦੇ ਪੱਖ ਵਿਚ ਨਹੀਂ ਹਨ। ਜਦੋਂ ਚਾਹਲ ਤੋਂ ਪੁੱਛਿਆ ਗਿਆ ਕਿ ਵਧਦੀ ਗਰਮੀ ਨੂੰ ਦੇਖਦੇ ਹੋਏ ਕੀ ਕ੍ਰਿਕਟ ਨੂੰ ਵੀ ਟ੍ਰਾਊਜ਼ਰ ਦੀ ਥਾਂ 'ਹਾਫ ਪੈਂਟ' ਪਹਿਨ ਕੇ ਖੇਡਿਆ ਜਾਣਾ ਚਾਹੀਦਾ ਹੈ ਤਾਂ ਉਨ੍ਹਾਂ ਨੇ ਇਸ ਵਿਚਾਰ ਨੂੰ ਖਾਰਜ ਕਰ ਦਿੱਤਾ। ਚਾਹਲ ਨੇ ਕਿਹਾ ਕਿ ਨਹੀਂ ਮੈਂ ਅਜਿਹਾ ਨਹੀਂ ਮੰਨਦਾ ਹਾਂ ਕਿਉਂਕਿ ਜਦ ਵੀ ਤੁਸੀਂ ਮੈਦਾਨ 'ਤੇ ਤਿਲਕਦੇ ਹੋ ਤਾਂ ਤੁਹਾਨੂੰ ਆਪਣੇ ਗੋਡਿਆਂ ਦਾ ਧਿਆਨ ਰੱਖਣਾ ਪੈਂਦਾ ਹੈ, ਇਹ ਬਹੁਤ ਔਖਾ ਹੈ। ਮੇਰੇ ਦੋਵੇਂ ਗੋਡੇ ਪਹਿਲਾਂ ਹੀ ਜ਼ਖ਼ਮੀ ਹੋ ਚੁੱਕੇ ਹਨ, ਉਥੇ ਸੱਟ ਦੇ ਕਈ ਨਿਸ਼ਾਨ ਹਨ। 

ਮੈਨੂੰ ਲਗਦਾ ਹੈ ਕਿ 'ਫੁੱਲ ਪੈਂਟ' ਸਾਡੇ ਲਈ ਚੰਗਾ ਕੰਮ ਕਰਦੀ ਹੈ। ਮੈਚ ਵਿਚ ਭਾਰਤੀ ਟੀਮ ਦੀ ਰੋਮਾਂਚਕ ਜਿੱਤ ਤੇ ਉਨ੍ਹਾਂ ਦੀ ਗੇਂਦਬਾਜ਼ੀ ਬਾਰੇ ਪੁੱਛੇ ਜਾਣ 'ਤੇ ਚਾਹਲ ਨੇ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਮੁਸ਼ਕਲ ਹਾਲਾਤ ਵਿਚ ਗੇਂਦਬਾਜ਼ੀ ਕਰਨ ਦਾ ਉਨ੍ਹਾਂ ਨੂੰ ਫ਼ਾਇਦਾ ਮਿਲਿਆ। ਇਸ ਨਾਲ ਹੀ ਰਾਹੁਲ ਦ੍ਰਾਵਿੜ ਦੀ ਅਗਵਾਈ ਵਾਲੀ ਕੋਚਿੰਗ ਟੀਮ ਨੇ ਉਨ੍ਹਾਂ ਦਾ ਕਾਫੀ ਹੌਸਲਾ ਵਧਾਇਆ। ਚਾਹਲ ਨੇ ਕਿਹਾ ਕਿ ਕੋਚ ਹਮੇਸ਼ਾ ਮੇਰਾ ਸਮਰਥਨ ਕਰਦੇ ਹਨ। ਉਹ ਮੈਨੂੰ ਕਹਿੰਦੇ ਹਨ- ਯੂਜੀ ਤੁਸੀਂ ਆਪਣੇ ਮਜ਼ਬੂਤ ਪੱਖ 'ਤੇ ਭਰੋਸਾ ਕਰੋ ਤੇ ਉਸ ਦਾ ਸਮਰਥਨ ਕਰੋ...। ਚਾਹਲ ਨੇ ਮੈਚ ਦੇ 45ਵੇਂ ਓਵਰ 'ਚ ਉਸ ਸਮੇਂ ਬ੍ਰੈਂਡਨ ਕਿੰਗ (54) ਦਾ ਅਹਿਮ ਵਿਕਟ ਝਟਕਾਇਆ ਜਦੋਂ ਲਗ ਰਿਹਾ ਸੀ ਕਿ ਵੈਸਟ ਇੰਡੀਜ਼ ਦੀ ਟੀਮ 309 ਦੌੜਾਂ ਦੇ ਟੀਚੇ ਨੂੰ ਹਾਸਲ ਕਰ ਲਵੇਗੀ।

Tarsem Singh

This news is Content Editor Tarsem Singh