ਟਾਟੇਨਹਮ ਨੂੰ ਰੜਕੇਗੀ ਕਪਤਾਨ ਕੇਨ ਦੀ ਕਮੀ

04/16/2019 10:28:37 PM

ਲੰਡਨ - ਇੰਗਲਿਸ਼ ਪ੍ਰੀਮੀਅਰ ਲੀਗ (ਈ.ਪੀ.ਐੱਲ.) ਦੀ ਸੂਚੀ 'ਚ ਤੀਜੇ ਸਥਾਨ 'ਤੇ ਕਾਬਜ਼ ਟਾਟੇਨਹਮ ਦੀ ਟੀਮ ਜਦੋਂ ਬੁੱਧਵਾਰ ਦੇਰ ਰਾਤ ਨੂੰ ਯੂਏਫਾ ਚੈਂਪੀਅਨਜ਼ ਲੀਗ ਵਿਚ ਮਾਨਚੈਸਟਰ ਸਿਟੀ ਖ਼ਿਲਾਫ਼ ਮਾਨਚੈਸਟਰ ਦੇ ਏਤਿਹਾਦ ਸਟੇਡੀਅਮ ਵਿਚ ਉਤਰੇਗੀ ਤਾਂ ਉਸ ਨੂੰ ਆਪਣੇ ਰੈਗੂਲਰ ਕਪਤਾਨ ਹੈਰੀ ਕੇਨ ਦੀ ਘਾਟ ਰੜਕੇਗੀ। ਦੋਵੇਂ ਟੀਮਾਂ ਲੀਗ ਵਿਚ ਕੁਆਰਟਰ ਫਾਈਨਲ ਦੇ ਦੂਜੇ ਗੇੜ ਦੇ ਮੁਕਾਬਲੇ ਵਿਚ ਖੇਡਣਗੀਆਂ। ਇੰਗਲੈਂਡ ਦੀ ਫੁੱਟਬਾਲ ਟੀਮ ਦੇ ਕਪਤਾਨ ਕੇਨ ਪਿਛਲੇ ਮੈਚ ਵਿਚ ਈ.ਪੀ. ਐੱਲ. ਦੀ ਅੰਕ ਸੂਚੀ ਵਿਚ ਚੋਟੀ 'ਤੇ ਮੌਜੂਦ ਸਿਟੀ ਖ਼ਿਲਾਫ਼ ਚੈਂਪੀਅਨਜ਼ ਲੀਗ ਦੇ ਕੁਆਰਟਰ ਫਾਈਨਲ ਦੇ ਪਹਿਲੇ ਗੇੜ ਦੇ ਮੁਕਾਬਲੇ ਵਿਚ ਜ਼ਖ਼ਮੀ ਹੋ ਗਏ ਸਨ। ਇਸ ਦੌਰਾਨ ਉਨ੍ਹਾਂ ਦਾ ਗਿੱਟਾ ਮੁੜ ਗਿਆ ਸੀ ਤੇ ਹੁਣ ਉਨ੍ਹਾਂ ਦੀ ਘਾਟ ਇਸ ਮੈਚ ਵਿਚ ਰੜਕੇਗੀ। ਹਾਲਾਂਕਿ ਦੱਖਣੀ ਕੋਰੀਆ ਦੇ ਸਟ੍ਰਾਈਕਰ ਸੋਨ ਹਿਊਂਗ-ਮਿਨ ਦੇ ਗੋਲ ਦੀ ਮਦਦ ਨਾਲ ਹੀ ਟਾਟੇਨਹਮ ਦੀ ਟੀਮ ਸਿਟੀ ਨੂੰ ਪਹਿਲੇ ਗੇੜ ਦੇ ਮੁਕਾਬਲੇ ਵਿਚ 1-0 ਨਾਲ ਹਰਾਉਣ ਵਿਚ ਕਾਮਯਾਬ ਰਹੀ ਸੀ। ਹੁਣ ਸੋਨ ਨੇ ਜ਼ੋਰ ਦੇ ਕੇ ਕਿਹਾ ਕਿ ਕੇਨ ਦੀ ਗ਼ੈਰਮੌਜੂਦਗੀ ਵਿਚ ਉਨ੍ਹਾਂ ਦੇ ਮੋਢੇ ਇਹ ਜ਼ਿੰਮੇਵਾਰੀ ਉਠਾ ਸਕਦੇ ਹਨ ਤੇ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਇਹ ਕੰਮ ਕੀਤਾ ਹੈ। ਕੇਨ ਇਸ ਸੈਸ਼ਨ ਵਿਚ ਮੈਦਾਨ ਤੋਂ ਲਗਪਗ ਬਾਹਰ ਹੋ ਚੁੱਕੇ ਹਨ।

Gurdeep Singh

This news is Content Editor Gurdeep Singh