ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ''ਚ ਅਨੀਸ਼ ਨੂੰ ਚਾਂਦੀ ਤੇ ਨੀਰਜ ਨੂੰ ਕਾਂਸੀ

11/06/2017 4:55:50 AM

ਨਵੀਂ ਦਿੱਲੀ— ਨੌਜਵਾਨ ਪਿਸਟਲ ਨਿਸ਼ਾਨੇਬਾਜ਼ ਅਨੀਸ਼ ਭਨਵਾਲਾ ਨੇ ਆਸਟ੍ਰੇਲੀਆ ਦੇ ਬ੍ਰਿਸਬੇਨ ਵਿਚ ਚੱਲ ਰਹੀ ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਛੇਵੇਂ ਦਿਨ ਐਤਵਾਰ ਨੂੰ ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪਿਸਟਲ ਪ੍ਰਤੀਯੋਗਿਤਾ ਵਿਚ ਚਾਂਦੀ ਤਮਗਾ ਜਦਕਿ ਨੀਰਜ ਕੁਮਾਰ ਨੇ ਕਾਂਸੀ ਤਮਗਾ ਜਿੱਤ ਲਿਆ।ਇਨ੍ਹਾਂ ਦੋ ਤਮਗਿਆਂ ਨਾਲ ਰਾਈਫਲ ਤੇ ਪਿਸਟਲ ਪ੍ਰਤੀਯੋਗਿਤਾ ਵਿਚ ਭਾਰਤ ਦੇ ਤਮਗਿਆਂ ਦੀ ਗਿਣਤੀ 16 ਪਹੁੰਚ ਚੁੱਕੀ ਹੈ, ਜਿਸ ਵਿਚ ਚਾਰ ਸੋਨ ਤਮਗੇ ਸ਼ਾਮਲ ਹਨ।


25 ਮੀਟਰ ਰੈਪਿਡ ਫਾਇਰ ਪਿਸਟਲ ਪ੍ਰਤੀਯੋਗਿਤਾ ਵਿਚ ਛੇ ਫਾਈਨਲਿਸਟਾਂ ਵਿਚ ਤਿੰਨ ਭਾਰਤੀ ਸਨ। ਅਨੀਸ਼ ਤੇ ਨੀਰਜ ਦੇ ਇਲਾਵਾ ਓਲੰਪੀਅਨ ਗੁਰਪ੍ਰੀਤ ਸਿੰਘ ਨੇ ਵੀ ਫਾਈਨਲ ਵਿਚ ਜਗ੍ਹਾ ਬਣਾਈ। ਅਨੀਸ਼ ਨੇ ਕੁਆਲੀਫਿਕੇਸ਼ਨ ਵਿਚ 577 ਦੇ ਸਕੋਰ ਦੇ ਨਾਲ ਟਾਪ ਕੀਤਾ ਜਦਕਿ ਨੀਰਜ  575 ਦੂਜੇ ਤੇ ਗੁਰਪ੍ਰੀਤ  566 ਤੀਜੇ ਸਥਾਨ 'ਤੇ ਰਹੇ। 
ਗੁਰਪ੍ਰੀਤ ਫਾਈਨਲ ਵਿਚ ਸਭ ਤੋਂ ਪਹਿਲਾਂ ਐਲਿਮੀਨੇਟ ਹੋ ਗਿਆ ਪਰ ਅਨੀਸ਼ ਤੇ ਨੀਰਜ ਵਿਚਾਲੇ ਚਾਂਦੀ ਤੇ ਕਾਂਸੀ ਤਮਗੇ ਲਈ ਸੰਘਰਸ਼ ਹੋਇਆ ਕਿਉਂਕਿ ਆਸਟ੍ਰੇਲੀਆ ਦੇ ਸਰਜੇਈ ਐਵਗਲੇਵਸਿਕ ਨੇ ਸੋਨਾ ਭਾਰਤੀਆਂ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਸੀ। ਅਨੀਸ਼ ਨੇ ਛੇਵੀਂ ਸੀਰੀਜ਼ ਤੋਂ ਬਾਅਦ ਨੀਰਜ ਨੂੰ 21-19 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ ਜਦਕਿ ਅਨੀਸ਼ ਦਾ ਸਕੋਰ 26 ਰਿਹਾ। ਮਹਿਲਾਵਾਂ ਦੀ ਰਾਈਫਲ 3 ਪੁਜ਼ੀਸ਼ਨ ਪ੍ਰਤੀਯੋਗਿਤਾ ਵਿਚ ਗਾਇਤਰੀ ਨੂੰ ਚੌਥਾ, ਅਦਿਤੀ  ਸਿੰਘ ਨੂੰ ਛੇਵਾਂ ਤੇ ਤੇਜਸਵਿਨੀ ਸਾਂਵਤ ਨੂੰ ਸੱਤਵਾਂ ਸਥਾਨ ਮਿਲਿਆ।