ਬ੍ਰਿਜੇਸ਼ ਯਾਦਵ ਜਿੱਤਿਆ, ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ''ਚ ਭਾਰਤ ਦੀ ਚੰਗੀ ਸ਼ੁਰੂਆਤ

09/11/2019 1:17:04 PM

ਸਪੋਰਟਸ ਡੈਸਕ—ਬ੍ਰਿਜੇਸ਼ ਯਾਦਵ (81 ਕਿ. ਗ੍ਰਾ.) ਨੇ ਰੂਸ 'ਚ ਚੱਲ ਰਹੀ ਆਈਬਾ ਪੁਰਸ਼ ਵਰਲਡ ਚੈਂਪੀਅਨਸ਼ਿਪ ਮੁੱਕੇਬਾਜ਼ੀ ਦਾ ਪਹਿਲਾ ਮੁਕਾਬਲਾ ਜਿੱਤ ਲਿਆ। ਮੰਗਲਵਾਰ ਦੇ ਦਿਨ ਪੋਲੈਂਡ ਦੇ ਮੇਲੂਜ ਗੋਇਨਸਕੀ ਨੂੰ ਪਹਿਲੇ ਦੌਰ ਦੇ ਮੁਕਾਬਲੇ 'ਚ ਹਰਾ ਕੇ ਭਾਰਤ ਨੂੰ ਵਰਲਡ ਪੁਰਸ਼ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਚੰਗੀ ਸ਼ੁਰੂਆਤ ਦਿਵਾਈ।
ਭਾਰਤ ਲਈ ਯਾਦਵ ਰਿੰਗ 'ਚ ਉਤਰਨ ਵਾਲਾ ਇਕਲੌਤਾ ਮੁੱਕੇਬਾਜ਼ ਰਿਹਾ ਅਤੇ ਉਸ ਨੇ ਗੋਇਨਸਕੀ ਵਿਰੁੱਧ 5-0 ਨਾਲ ਆਸਾਨ ਜਿੱਤ ਦਰਜ ਕੀਤੀ। ਇਸ ਮੁਕਾਬਲੇ ਦੇ ਦੂਜੇ ਰਾਊਂਡ ਦੌਰਾਨ ਪੋਲੈਂਡ ਦੇ ਮੁੱਕੇਬਾਜ਼ ਦੇ ਸਿਰ 'ਤੇ ਸੱਟ ਵੀ ਲੱਗੀ, ਜਿਸ ਕਰਕੇ ਉਸ ਨੂੰ ਮੈਡੀਕਲ ਟਾਈਮ ਵੀ ਲੈਣਾ ਪਿਆ। ਯਾਦਵ ਨੇ ਮੂਵਮੈਂਟ 'ਚ ਤੇਜ਼ੀ ਨਾ ਹੋਣ ਦੀ ਭਰਪਾਈ ਆਪਣੇ ਤਾਕਤਵਰ ਮੁੱਕਿਆਂ ਨਾਲ ਕੀਤੀ ਤੇ ਵਿਰੋਧੀ ਮੁੱਕੇਬਾਜ਼ ਨੂੰ ਕੋਈ ਮੌਕਾ ਨਹੀਂ ਦਿੱਤਾ।
ਇਸ ਜਿੱਤ ਨਾਲ ਯਾਦਵ ਨੇ ਰਾਊਂਡ ਆਫ 32 'ਚ ਜਗ੍ਹਾ ਬਣਾ ਲਈ ਹੈ, ਜਿਥੇ ਉਸ ਦਾ ਸਾਹਮਣਾ ਤੁਰਕੀ ਦੇ ਬਾਇਰਮ ਮਲਕਾਨ ਨਾਲ ਹੋਵੇਗਾ, ਜਿਸ ਨੂੰ ਪਹਿਲੇ ਦੌਰ 'ਚ ਬਾਈ ਮਿਲੀ। ਇਹ ਮੁਕਾਬਲਾ ਐਤਵਾਰ ਨੂੰ ਹੋਵੇਗਾ। ਭਾਰਤ ਦੇ ਤਿੰਨ ਮੁੱਕੇਬਾਜ਼ਾਂ ਅਮਿਤ ਪੰਘਾਲ (52 ਕਿ. ਗ੍ਰਾ.), ਕਵਿੰਦਰ ਸਿੰਘ ਬਿਸ਼ਟ (57 ਕਿ. ਗ੍ਰਾ.) ਤੇ ਆਸ਼ੀਸ਼ ਕੁਮਾਰ (75 ਕਿ. ਗ੍ਰਾ.) ਨੂੰ ਪਹਿਲੇ ਦੌਰ 'ਚ ਬਾਈ ਮਿਲੀ ਹੈ।