ਓਲੰਪਿਕ ਕੁਆਲੀਫਾਇਰ ਲਈ ਮੈਰੀ ਸਣੇ ਸਾਰੀਆਂ ਮਹਿਲਾ ਮੁੱਕੇਬਾਜ਼ਾਂ ਦਾ 29-30 ਦਸੰਬਰ ਨੂੰ ਹੋਵੇਗਾ ਟ੍ਰਾਇਲ

11/10/2019 11:29:30 AM

ਸਪੋਰਟਸ ਡੈਸਕ— ਹਾਈ ਪ੍ਰਫਾਰਮੈਂਸ ਡਾਇਰੈਕਟਰ ਸਾਂਤਿਆਗੋ ਨਿਏਵਾ ਨੇ ਕਿਹਾ ਕਿ ਅਗਲੇ ਸਾਲ ਓਲੰਪਿਕ ਕੁਆਲੀਫਾਇਰ ਲਈ ਭਾਰਤੀ ਟੀਮ 'ਚ ਜਗ੍ਹਾ ਬਣਾਉਣ ਲਈ ਸਾਰੀਆਂ ਮਹਿਲਾ ਮੁੱਕੇਬਾਜ਼ਾਂ ਨੂੰ 29-30 ਦਸੰਬਰ ਨੂੰ ਚੋਣ ਟ੍ਰਾਇਲ 'ਚ ਹਿੱਸਾ ਲੈਣਾ ਪਵੇਗਾ। ਇਸ ਕਦਮ ਨਾਲ ਚੋਣ ਨੂੰ ਲੈ ਕੇ ਉਠਿਆ ਵਿਵਾਦ ਖਤਮ ਹੋ ਗਿਆ, ਜਿਸਦਾ ਕੇਂਦਰ ਐੱਮ. ਸੀ. ਮੈਰੀਕਾਮ ਸੀ। ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀ. ਐੱਫ. ਆਈ.) ਮੁਖੀ ਅਜੇ ਸਿੰਘ ਦੇ ਬਿਆਨ ਅਨੁਸਾਰ 6 ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਨੂੰ ਟ੍ਰਾਇਲਾਂ ਤੋਂ ਛੋਟ ਦਿੱਤੀ ਗਈ ਸੀ, ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋਇਆ ਸੀ ਪਰ ਨਿਏਵਾ ਨੇ ਕਿਹਾ ਕਿ ਮਹਿਲਾਵਾਂ ਦੇ ਸਾਰੇ ਪੰਜ ਓਲੰਪਿਕ ਵਰਗਾਂ ਵਿਚ ਮੁੱਕੇਬਾਜ਼ਾਂ ਨੂੰ ਦੋ ਦਿਨਾਂ ਵਿਚ ਹੋਣ ਵਾਲੀ ਚੋਣ ਬਾਊਟ ਦੇ ਆਧਾਰ 'ਤੇ ਚੁਣਿਆ ਜਾਵੇਗਾ। ਓਲੰਪਿਕ ਕੁਆਲੀਫਾਇਰ ਅਗਲੇ ਸਾਲ ਫਰਵਰੀ ਵਿਚ ਚੀਨ 'ਚ ਆਯੋਜਿਤ ਕੀਤੇ ਜਾਣਗੇ।


ਨਿਏਵਾ ਨੇ ਬੀ. ਐੱਫ. ਆਈ. ਕਾਰਜਕਾਰੀ ਕਮੇਟੀ ਦੇ ਅਗਸਤ 'ਚ ਲਏ ਗਏ ਫੈਸਲੇ ਦਾ ਜ਼ਿਕਰ ਕਰਦੇ ਹੋਏ ਕਿਹਾ, ''ਕੁਆਲੀਫਾਇਰ ਲਈ ਸਾਰੀਆਂ ਮਹਿਲਾ ਮੁੱਕੇਬਾਜ਼ਾਂ ਦਾ ਫੈਸਲਾ ਟ੍ਰਾਇਲਜ਼ ਨਾਲ ਕੀਤਾ ਜਾਵੇਗਾ ਕਿਉਂਕਿ ਓਲੰਪਿਕ ਕੁਆਲੀਫਾਇਰ ਲਈ ਸਿੱਧੀ ਕੁਆਲੀਫਿਕੇਸ਼ਨ ਹਾਸਲ ਕਰਨ ਦੇ ਮੱਦੇਨਜ਼ਰ ਵਰਲਡ ਚੈਂਪੀਅਨਸ਼ਿਪ ਦੇ ਰਾਹੀਂ ਜੋ ਨੀਤੀ ਬਣਾਈ ਗਈ ਸੀ ਉਹ ਫਾਈਨਲ 'ਚ ਪੁੱਜਣ ਵਾਲੇ ਮੁੱਕੇਬਾਜ਼ਾਂ ਲਈ ਸੀ। ਓਲੰਪਿਕ ਵਰਗ (51, 60, 64, 69 ਅਤੇ 75 ਕਿ.ਗ੍ਰਾ) 'ਚ ਕੋਈ ਵੀ ਮਹਿਲਾ ਮੁੱਕੇਬਾਜ਼ ਫਾਈਨਲ 'ਚ ਜਗ੍ਹਾ ਨਹੀਂ ਬਣਾ ਸਕੀ ਸੀ। ਮੈਰੀਕਾਮ (51) ਅਤੇ ਲਵਲੀਨਾ ਬੋਰਗੋਹੇਨ (69) ਹੀ ਸੈਮੀਫਾਈਨਲ 'ਚ ਹਾਰਨ ਤੋਂ ਬਾਅਦ ਕਾਂਸੀ ਤਮਗਾ ਜਿੱਤ ਸੱਕੀਆਂ ਸਨ।  

ਪੁਰਸ਼ ਮੁੱਕੇਬਾਜ਼ ਵੀ 27-28 ਦਿਸੰਬਰ ਨੂੰ ਟ੍ਰਾਇਲਜ਼ 'ਚ ਹਿੱਸਾ ਲੈਣਗੇ ਪਰ ਇਸ 'ਚ ਵਿਸ਼ਵ ਤਮਗਾ ਜੇਤੂ ਅਮਿਤ ਪੰਘਾਲ (52 ਕਿ.ਗ੍ਰਾ) ਅਤੇ ਮਨੀਸ਼ ਕੌਸ਼ਿਕ (63 ਕਿ. ਗ੍ਰਾ)  ਸ਼ਿਰਕਤ ਨਹੀਂ ਕਰਣਗੇ ਕਿਉਂਕਿ ਇਨ੍ਹਾਂ ਦੋਵਾਂ ਨੇ ਵਰਲਡ ਚੈਂਪੀਅਨਸ਼ਿਪ 'ਚ ਚਾਂਦੀ ਅਤੇ ਕਾਂਸੀ ਤਮਗੇ ਜਿੱਤੇ ਸਨ।