ਚਿਹਰੇ ’ਤੇ 13 ਟਾਂਕੇ ਲੱਗਣ ਦੇ ਬਾਵਜੂਦ ਰਿੰਗ ’ਚ ਉਤਰੇ ਸਨ ਮੁੱਕੇਬਾਜ਼ ਸਤੀਸ਼, ਹਾਰ ਕੇ ਵੀ ਜਿੱਤੇ ਪ੍ਰਸ਼ੰਸਕਾਂ ਦੇ 'ਦਿਲ'

08/02/2021 1:19:32 PM

ਨਵੀਂ ਦਿੱਲੀ (ਭਾਸ਼ਾ) : ਭਾਰਤੀ ਮੁੱਕੇਬਾਜ਼ ਸਤੀਸ਼ ਕੁਮਾਰ ਚਿਹਰੇ ’ਤੇ 13 ਟਾਂਕਿਆਂ ਨਾਲ ਟੋਕੀਓ ਓਲੰਪਿਕ ਦੇ ਕੁਆਟਰ ਫਾਈਨਲ ਵਿਚ ਖੇਡੇ ਸਨ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਨੂੰ ਮੁਕਾਬਲੇ ਤੋਂ ਹਟਣ ਲਈ ਕਹਿ ਰਹੇ ਸਨ ਪਰ ਉਹ ਇਸ ਵਿਚ ਖੇਡਣਾ ਚਾਹੁੰਦੇ ਸਨ, ਕਿਉਂਕਿ ਖਿਡਾਰੀ ਕਦੇ ਹਾਰ ਨਹੀਂ ਮੰਨਦਾ। ਫ਼ੌਜ ਦੇ 32 ਸਾਲ ਦੇ ਜਵਾਨ ਸਤੀਸ਼ ਨੇ ਕਿਹਾ, ‘ਮੇਰਾ ਫੋਨ ਬੰਦ ਨਹੀਂ ਹੋ ਰਿਹਾ, ਲੋਕ ਵਧਾਈ ਦੇ ਰਹੇ ਹਨ, ਜਿਵੇਂ ਮੈਂ ਜਿੱਤ ਹਾਸਲ ਕੀਤੀ ਹੋਵੇਗਾ। ਮੇਰਾ ਇਲਾਜ਼ ਚੱਲ ਰਿਹਾ ਹੈ ਪਰ ਮੈਂ ਹੀ ਜਾਣਦਾ ਹਾਂ ਕਿ ਮੇਰੇ ਮੂੰਹ ’ਤੇ ਕਿੰਨੇ ਜ਼ਖ਼ਮ ਹਨ।’ 

ਇਹ ਵੀ ਪੜ੍ਹੋ: ਡਿਪ੍ਰੈਸ਼ਨ ਦੇ ਬਾਵਜੂਦ ਟੋਕੀਓ ’ਚ ਚਮਕੀ ਕਮਲਪ੍ਰੀਤ, ਕਿਸਾਨ ਪਰਿਵਾਰ ਨਾਲ ਰੱਖਦੀ ਹੈ ਸਬੰਧ

ਸਤੀਸ਼ ਨੂੰ ਪ੍ਰੀ ਕੁਆਟਰ ਫਾਈਨਲ ਦੌਰਾਨ ਮੱਥੇ ਅਤੇ ਠੋਡੀ ’ਤੇ 2 ਡੂੰਘੇ ਕੱਟ ਲੱਗੇ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਉਜਬੇਕੀਸਤਾਨ ਦੇ ਸੁਪਰਸਟਾਰ ਬਖੋਦਿਰ ਜਾਲੋਲੋਵ ਖ਼ਿਲਾਫ਼ ਰਿੰਗ ਵਿਚ ਉਤਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ, ‘ਮੇਰੀ ਠੋਡੀ ’ਤੇ 7 ਟਾਂਕੇ ਅਤੇ ਮੱਥੇ ’ਤੇ 6 ਟਾਂਕੇ ਲੱਗੇ ਹਨ। ਪਰ ਮੈਂ ਜਾਣਦਾ ਸੀ ਕਿ ਮੈਂ ਲੜਨਾ ਚਾਹੁੰਦਾ ਸੀ। ਨਹੀਂ ਤਾਂ ਮੈਂ ਪਛਤਾਵੇ ਵਿਚ ਹੀ ਜਿਊਂਦਾ ਰਹਿੰਦਾ ਕਿ ਜੇਕਰ ਖੇਡਦਾ ਤਾਂ ਕੀ ਹੁੰਦਾ। ਹੁਣ ਮੈਂ ਸ਼ਾਂਤ ਹਾਂ ਅਤੇ ਖ਼ੁਦ ਤੋਂ ਸੰਤੁਸ਼ਟ ਹਾਂ ਕਿ ਮੈਂ ਆਪਣਾ ਸਰਵਸ੍ਰੇਸ਼ਠ ਦਿੱਤਾ।’ 2 ਬੱਚਿਆਂ ਦੇ ਪਿਤਾ ਸਤੀਸ਼ ਨੇ ਕਿਹਾ, ‘ਮੇਰੀ ਪਤਨੀ ਨੇ ਮੈਨੂੰ ਨਾ ਲੜਨ ਲਈ ਕਿਹਾ ਸੀ। ਮੇਰੇ ਪਿਤਾ ਨੇ ਵੀ ਕਿਹਾ ਕਿ ਇਸ ਤਰ੍ਹਾਂ ਲੜਦੇ ਹੋਏ ਦੇਖਣਾ ਦਰਦਨਾਕ ਹੈ। ਪਰਿਵਾਰ ਤੁਹਾਨੂੰ ਦਰਦ ਵਿਚ ਨਹੀਂ ਵੇਖ ਸਕਦਾ ਪਰ ਉਹ ਇਹ ਵੀ ਜਾਣਦੇ ਹਨ ਕਿ ਮੈਂ ਅਜਿਹਾ ਕਰਨਾ ਚਾਹੁੰਦਾ ਸੀ।’ ਤਾਂ ਕੀ ਉਨ੍ਹਾਂ ਦੇ ਬੱਚੇ ਮੁਕਾਬਲਾ ਦੇਖ ਰਹੇ ਸਨ, ਉਨ੍ਹਾਂ ਕਿਹਾ, ‘ਹਾਂ, ਮੇਰਾ ਇਕ ਬੇਟਾ ਹੈ ਅਤੇ ਇਕ ਬੇਟੀ ਜੋ ਪਹਿਲੀ ਅਤੇ ਦੂਜੀ ਕਲਾਸ ਵਿਚ ਹਨ। ਦੋਵੇਂ ਦੇਖ ਰਹੇ ਸਨ। ਮੈਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਮਾਣ ਮਹਿਸੂਸ ਹੋਇਆ ਹੋਵੇਗਾ।’

ਇਹ ਵੀ ਪੜ੍ਹੋ: 3 ਵਿੱਚੋਂ 2 ਰਾਊਂਡ ਜਿੱਤ ਕੇ ਹਾਰੀ ਮੈਰੀਕਾਮ, ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਫ਼ੈਸਲਿਆਂ 'ਤੇ ਚੁੱਕੇ ਸਵਾਲ

ਸਤੀਸ਼ ਦੋ ਵਾਰ ਏਸ਼ੀਆਈ ਖੇਡਾਂ ਵਿਚ ਕਾਂਸੀ ਤਮਗਾ ਜਿੱਤ ਚੁੱਕੇ ਹਨ। ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਮਗਾ ਜੇਤੂ ਅਤੇ ਕਈ ਵਾਰ ਦੇ ਰਾਸ਼ਟਰੀ ਚੈਂਪੀਅਨ ਹਨ। ਸਤੀਸ਼ ਭਾਰਤ ਵੱਲੋਂ ਓਲੰਪਿਕ ਵਿਚ ਕੁਆਲੀਫਾਈ ਕਰਨ ਵਾਲੇ ਪਹਿਲੇ ਸੁਪਰ ਹੈਵੀਵੇਟ ਮੁੱਕੇਬਾਜ਼ ਵੀ ਬਣੇ। ਬੁਲੰਦਸ਼ਹਿਰ ਦੇ ਸਤੀਸ਼ ਨੇ ਕਿਹਾ, ‘ਜੋਲੋਲੋਵ ਮੁਕਾਬਲੇ ਦੇ ਬਾਅਦ ਮੇਰੇ ਕੋਲ ਆਏ, ਉਨ੍ਹਾਂ ਕਿਹਾ, ‘ਚੰਗਾ ਮੁਕਾਬਲਾ ਸੀ।’ ਇਹ ਸੁਣ ਕੇ ਵਧੀਆ ਲੱਗਾ। ਮੇਰੇ ਕੋਚਾਂ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਮੇਰੇ ’ਤੇ ਮਾਣ ਹੈ, ਕਿਸੇ ਨੇ ਵੀ ਮੇਰੇ ਇੱਥੇ ਤੱਕ ਪਹੁੰਚਣ ਦੀ ਉਮੀਦ ਨਹੀਂ ਕੀਤੀ ਸੀ।’ ਸਾਬਕਾ ਕਬੱਡੀ ਖਿਡਾਰੀ ਸਤੀਸ਼ ਫ਼ੌਜ ਦੇ ਕੋਚਾਂ ਦੇ ਜ਼ੋਰ ਦੇਣ ’ਤੇ ਮੁੱਕੇਬਾਜ਼ੀ ਵਿਚ ਆਏ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਵੀ ਇਸ ਤਰ੍ਹਾਂ ਹੀ ਸੱਟ ਦੇ ਬਾਵਜੂਦ ਰਿੰਗ ਵਿਚ ਉਤਰਨ ਵਿਚ ਹਿਚਕਿਚਾਉਣਗੇ ਨਹੀਂ। ਉਨ੍ਹਾਂ ਕਿਹਾ, ‘ਖਿਡਾਰੀ ਹੋਣ ਦਾ ਮਤਲਬ ਹੀ ਇਹੀ ਹੈ ਕਿ ਤੁਸੀਂ ਹਾਰ ਨਹੀਂ ਮੰਨਦੇ, ਕਦੇ ਹਾਰ ਨਹੀਂ ਮੰਨਦੇ।’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry