ਬੋਲਟ ਦੀ ਵਿਦਾਇਗੀ ਨਾਲ ਐਥਲੈਟਿਕਸ ''ਚ ਆ ਜਾਏਗਾ ''ਖਾਲੀਪਣ''

08/01/2017 3:22:40 AM

ਜ਼ਿਊਰਿਖ— ਇਸ ਧਰਤੀ ਦਾ ਸਭ ਤੋਂ ਤੇਜ਼ ਪੁਰਸ਼ ਓਸੈਨ ਬੋਲਟ ਹੁਣ ਆਪਣੇ ਕਰੀਅਰ ਨੂੰ ਆਰਾਮ ਦੇਣ ਵਾਲਾ ਹੈ, ਜਿਸ ਨਾਲ ਮਾਹਿਰ ਐਥਲੈਟਿਕਸ ਦੀ ਦੁਨੀਆ 'ਚ ਇਕ ਖਾਲੀਪਣ ਆਉਣ ਦਾ ਸ਼ੱਕ ਪ੍ਰਗਟ ਕਰ ਰਹੇ ਹਨ।
ਵਿਸ਼ਵ ਚੈਂਪੀਅਨਸ਼ਿਪ ਹੋਵੇ ਜਾਂ ਓਲੰਪਿਕ, ਜਮਾਇਕਾ ਦੇ ਬੋਲਟ ਨੇ ਹਰ ਮੰਚ 'ਤੇ ਆਪਣਾ ਇਕ ਵੱਖਰਾ ਮੁਕਾਮ ਬਣਾਇਆ ਅਤੇ ਦੇਖਦੇ ਹੀ ਦੇਖਦੇ ਇਹ ਦੁਨੀਆ ਦਾ ਸਭ ਤੋਂ ਤੇਜ਼ ਫਰਾਟਾ ਦੌੜਾਕ ਬਣ ਗਿਆ। ਪਿਛਲੀਆਂ ਤਿੰਨ ਓਲੰਪਿਕ ਖੇਡਾਂ ਤੋਂ ਲਗਾਤਾਰ ਆਪਣੀ ਧਾਕ ਜਮਾਉਂਦਾ ਆ ਰਿਹਾ ਬੋਲਟ ਹਾਲਾਂਕਿ ਹੁਣ ਇਨ੍ਹਾਂ ਖੇਡਾਂ ਨੂੰ ਅਲਵਿਦਾ ਕਹਿ ਚੁੱਕਾ ਹੈ ਅਤੇ ਅਗਲੇ ਮਹੀਨੇ ਵਿਸ਼ਵ ਚੈਂਪੀਅਨਸ਼ਿਪ 'ਚ ਆਪਣੀ ਆਖਰੀ ਰੇਸ ਲਈ ਉਤਰੇਗਾ।
ਬੋਲਟ ਦੀ ਇਸ ਆਖਰੀ ਰੇਸ ਨੂੰ ਲੈ ਕੇ ਹੁਣ ਤੋਂ ਹੀ ਐਥਲੈਟਿਕਸ ਦੇ ਪ੍ਰਸ਼ੰਸਕਾਂ 'ਚ ਜਨੂੰਨ ਦੇਖਿਆ ਜਾ ਰਿਹਾ ਹੈ ਪਰ ਨਾਲ ਹੀ ਜਮਾਇਕਨ ਦੌੜਾਕ ਦੀ ਵਿਦਾਇਗੀ ਰੇਸ ਤੋਂ ਬਾਅਦ ਟ੍ਰੈਕ ਐਂਡ ਫੀਲਡ 'ਚ ਨੇੜਲੇ ਭਵਿੱਖ 'ਚ ਉਸ ਦੀ ਕਮੀ ਨੂੰ ਭਰਨ ਲਈ ਕੋਈ ਹੋਰ ਬਦਲ ਸਾਹਮਣੇ ਦਿਖਾਈ ਨਹੀਂ ਦੇ ਰਿਹਾ। ਡੋਪਿੰਗ ਨੂੰ ਲੈ ਕੇ ਜਿਥੇ ਦੁਨੀਆ ਦੇ ਕਈ ਧਾਕੜ ਖਿਡਾਰੀ ਫਸੇ ਹੋਏ ਹਨ, ਉਥੇ ਹੀ ਬੋਲਟ ਨੇ ਹੁਣ ਤਕ ਆਪਣੇ ਅਕਸ ਨੂੰ ਵੀ ਬੇਦਾਗ ਰੱਖਿਆ ਹੈ ਅਤੇ ਹਮੇਸ਼ਾ ਖੇਡ 'ਚ ਪਾਰਦਰਸ਼ਿਤਾ ਅਤੇ ਈਮਾਨਦਾਰੀ ਦਾ ਸਮਰਥਨ ਕੀਤਾ ਹੈ। ਅਗਲੇ ਮਹੀਨੇ ਜਦੋਂ ਉਹ ਪੂਰੀ ਤਰ੍ਹਾਂ ਟ੍ਰੈਕ ਐਂਡ ਫੀਲਡ ਨੂੰ ਅਲਵਿਦਾ ਕਹਿ ਦੇਵੇਗਾ ਤਾਂ ਆਉਣ ਵਾਲੇ ਭਵਿੱਖ ਵਿਚ ਨਿਸ਼ਚਿਤ ਹੀ ਉਹ ਇਕ ਆਦਰਸ਼ ਹੋਵੇਗਾ।