ਰਣਜੀ ''ਚ ਬਿਹਾਰ ਦੀ ਵਾਪਸੀ, ਹੁਣ ਹੋਣਗੇ ਪ੍ਰੀ-ਕੁਆਰਟਰ ਫਾਈਨਲ

04/18/2018 10:30:20 PM

ਕੋਲਕਾਤਾ— ਲੰਬੇ ਸਮੇਂ ਤੋਂ ਰਾਸ਼ਟਰੀ ਚੈਂਪੀਅਨਸ਼ਿਪ ਰਣਜੀ ਵਿਚ ਵਾਪਸੀ ਦੀ ਲੜਾਈ ਲੜ ਰਹੇ ਬਿਹਾਰ ਨੂੰ ਆਖਰ ਖੁਸ਼ਖਬਰੀ ਮਿਲ ਗਈ ਹੈ। ਸੌਰਵ ਗਾਂਗੁਲੀ ਦੀ ਅਗਵਾਈ ਵਾਲੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਤਕਨੀਕੀ ਕਮੇਟੀ ਨੇ ਸਰਬਸੰਮਤੀ ਨਾਲ ਬਿਹਾਰ ਨੂੰ ਫਿਰ ਤੋਂ ਰਣਜੀ ਟਰਾਫੀ 2018-19 ਸੈਸ਼ਨ ਵਿਚ ਸ਼ਾਮਲ ਕਰਨ ਦੀ ਸਿਫਾਰਿਸ਼ ਕਰ ਦਿੱਤੀ ਹੈ।
ਬੀ. ਸੀ. ਸੀ. ਆਈ. ਦੀ ਤਕਨੀਕੀ ਕਮੇਟੀ ਨੇ ਆਪਣੀ ਬੈਠਕ ਵਿਚ ਬਿਹਾਰ ਨੂੰ ਰਣਜੀ ਟਰਾਫੀ 2018-19 ਸੈਸ਼ਨ ਵਿਚ ਸ਼ਾਮਲ ਕਰਨ ਤੋਂ ਇਲਾਵਾ ਹੋਰ ਵੀ ਕਈ ਸਿਫਾਰਸ਼ਾਂ ਕੀਤੀਆਂ ਹਨ। ਇਸ ਵਿਚ ਸਭ ਤੋਂ ਮਹੱਤਵਪੂਰਨ ਰਣਜੀ ਟਰਾਫੀ ਵਿਚ ਪ੍ਰੀ-ਕੁਆਰਟਰ ਫਾਈਨਲ ਦੀ ਸ਼ੁਰੂਆਤ ਹੈ। ਤਕਨੀਕੀ ਕਮੇਟੀ ਨੇ ਆਪਣੀ ਸਿਫਾਰਿਸ਼ ਵਿਚ ਕਿਹਾ ਹੈ ਕਿ ਰਣਜੀ ਟਰਾਫੀ ਵਿਚ 2018-19 ਸੈਸ਼ਨ ਵਿਚ 4 ਗਰੁੱਪ ਹੋਣਗੇ। ਮੈਚ ਹੋਮ ਐਂਡ ਅਵੇਅ ਦੇ ਆਧਾਰ 'ਤੇ ਖੇਡੇ ਜਾਣਗੇ, ਜਦਕਿ ਨਵੇਂ ਸੈਸ਼ਨ ਨਾਲ ਪ੍ਰੀ-ਕੁਆਰਟਰ ਫਾਈਨਲ ਦੀ ਸ਼ੁਰੂਆਤ ਹੋਵੇਗੀ।