ਧਵਨ ਤੋਂ ਬਾਅਦ ਭਾਰਤੀ ਟੀਮ ਨੂੰ ਇਕ ਹੋਰ ਝਟਕਾ, ਭੁਵਨੇਸ਼ਵਰ ਵੀ ਹੋਏ 3 ਮੈਚਾਂ ਲਈ ਬਾਹਰ

06/17/2019 12:59:16 PM

ਮੈਨਚੈਸਟਰ : ਭਾਰਤੀ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਪਾਕਿਸਤਾਨ ਖਿਲਾਫ ਵਰਲਡ ਕੱਪ ਦੇ ਮੈਚ ਵਿਚ ਲੱਗੀ ਹੈਮਸਟ੍ਰਿੰਗ ਸੱਟ ਕਾਰਨ 2-3 ਮੈਚ ਨਹੀਂ ਖੇਡ ਸਕਣਗੇ। ਭੁਵਨੇਸ਼ਵਰ ਤੀਜਾ ਓਵਰ ਪੂਰਾ ਸੁੱਟੇ ਬਿਨਾ ਮੈਦਾਨ ਤੋਂ ਬਾਹਰ ਚੱਲੇ ਗਏ ਸੀ। ਕਪਤਾਨ ਵਿਰਾਟ ਕੋਹਲੀ ਨੇ ਸਾਫ ਕੀਤਾ ਕਿ ਬਾਕੀ ਮੈਚਾਂ ਵਿਚ ਉਸਦੀ ਜਗ੍ਹਾ ਮੁਹੰਮਦ ਸ਼ਮੀ ਖੇਡਣਗੇ। ਕੋਹਲਈ ਨੇ 89 ਦੌੜਾਂ ਨਾਲ ਮਿਲੀ ਜਿੱਤ ਤੋਂ ਬਾਅਦ ਕਿਹਾ, ''ਭੁਵੀ ਨੂੰ ਹਲਕੀ ਸੱਟ ਲੱਗੀ ਹੈ। ਉਹ 2 ਜਾਂ 3 ਮੈਚਾਂ ਲਈ ਬਾਹਰ ਰਹੇਗਾ ਪਰ ਫਿਰ ਵਾਪਸੀ ਕਰੇਗਾ। ਉਹ ਸਾਡੇ ਮਹੱਤਵਪੂਰਨ ਗੇਂਦਬਾਜ਼ ਹਨ।

ਕੋਹਲੀ ਨੇ ਕਿਹਾ ਕਿ ਸ਼ਮੀ ਨੂੰ ਖੇਡਣ ਦੀ ਬੇਤਾਬੀ ਨਾਲ ਉਡੀਕ ਹੈ। ਭਾਰਤ ਨੂੰ 22 ਜੂਨ ਨੂੰ ਅਫਗਾਨਿਸਤਾਨ ਖਿਲਾਫ 27 ਜੂਨ ਨੂੰ ਵਿੰਡੀਜ਼ ਅਤੇ 30 ਜੂਨ ਨੂੰ ਇੰਗਲੈਂਡ ਨਾਲ ਖੇਡਣਾ ਹੈ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅੰਗੂਠੇ ਦੀ ਸੱਟ ਕਾਰਨ ਟੀਮ ਤੋਂ ਬਾਹਰ ਹਨ। ਭਾਰਤੀ ਕਪਤਾਨ ਕੋਹਲੀ ਨੇ ਸੈਂਕੜਾ ਬਣਾਉਣ ਵਾਲੇ ਰੋਹਿਤ ਸ਼ਰਮਾ ਦੀ ਤਾਰੀਫ ਕਰਦਿਆਂ ਕਿਹਾ, ''ਰੋਹਿਤ ਦੀ ਪਾਰੀ ਲਾਜਵਾਬ ਸੀ। ਰਾਹੁਲ ਨੇ ਉਸਦੀ ਕਾਫੀ ਮਦਦ ਕੀਤੀ ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਉਹ ਵਨਡੇ ਦਾ ਇੰਨਾ ਚੰਗਾ ਖਿਡਾਰੀ ਕਿਉਂ ਹੈ। ਕੋਹਲੀ ਨੇ ਕੁਲਦੀਪ ਯਾਦਵ ਦੇ ਫਾਰਮ 'ਚ ਪਰਤਣ 'ਤੇ ਸੁੱਖ ਦਾ ਸਾਹ ਲਿਆ। ਕੋਹਲੀ ਨੇ ਕਿਹਾ ਕਿ ਕੁਲਦੀਪ ਦਾ ਪ੍ਰਦਰਸ਼ਨ ਸ਼ਾਨਦਾਰ ਸੀ। ਬਾਬਰ ਅਤੇ ਫਖਰ ਉਸ ਨੂੰ ਧਿਆਨ ਨਾਲ ਖੇਡ ਰਹੇ ਸੀ ਪਰ ਮੈਂ ਚਾਹੁੰਦਾ ਸੀ ਕਿ ਕੁਲਦੀਪ ਲੰਬਾ ਸਪੈਲ ਸੁੱਟੇ। ਬਾਬਰ ਨੂੰ ਉਸ ਨੇ ਜਿਸ ਗੇਂਦ 'ਤੇ ਆਊਟ ਕੀਤਾ ਉਹ ਸ਼ਾਨਦਾਰ ਸੀ।



ਇਹ ਪੁੱਛਣ 'ਤੇ ਕਿ ਕੀ ਭਾਰਤ-ਪਾਕਿਸਤਾਨ ਮੈਚ ਉਮੀਦਾਂ 'ਤੇ ਖਰਾ ਨਹੀਂ ਉੱਤਰ ਸੱਕਿਆ, ਕੋਹਲੀ ਨੇ ਕਿਹਾ, ''ਪਾਕਿਸਤਾਨ ਨੇ ਸਾਨੂੰ ਚੈਂਪੀਅਨਸ ਟ੍ਰਾਫੀ ਦੇ ਫਾਈਨਲ ਵਿਚ ਹਰਾਇਆ ਸੀ ਪਰ ਜੇਕਰ ਤੁਸੀਂ ਬਹੁਤ ਜਜ਼ਬਾਤੀ ਹੋ ਕੇ ਇਸ ਮੈਚ ਨੂੰ ਦੇਖੋਗੇ ਤਾਂ ਹਾਲਾਤ ਕਾਬੂ ਤੋਂ ਨਿੱਕਲ ਸਕਦੇ ਹਨ। ਅਸੀਂ ਅਜਿਹਾ ਸੋਚਿਆ ਹੀ ਨਹੀਂ ਅਤੇ ਪੇਸ਼ੇਵਰ ਟੀਮ ਦੀ ਤਰ੍ਹਾਂ ਖੇਡੇ।''