ਏਸ਼ੇਜ਼ ''ਚ ਸਟੋਕਸ ਦੇ ਦਮਦਾਰ ਪ੍ਰਦਰਸ਼ਨ ਦਾ ਰਾਜ ਹੈ ਫ੍ਰਾਈਡ ਚਿਕਨ ਅਤੇ ਚਾਕਲੇਟ

08/26/2019 3:12:31 PM

ਲੀਡਸ— ਬੇਨ ਸਟੋਕਸ ਨੇ ਤੀਜੇ ਏਸ਼ੇਜ਼ ਟੈਸਟ 'ਚ ਆਸਟਰੇਲੀਆ ਦੇ ਗੇਂਦਬਾਜ਼ਾਂ ਦਾ ਕਾਫੀ ਕੁੱਟਾਪਾ ਚਾੜ੍ਹਦੇ ਹੋਏ ਅਜੇਤੂ ਸੈਂਕੜਾ ਜੜ ਕੇ ਇੰਗਲੈਂਡ ਨੂੰ ਐਤਵਾਰ ਨੂੰ ਇਕ ਵਿਕਟ ਨਾਲ ਯਾਦਗਾਰ ਜਿੱਤ ਦਿਵਾਈ ਪਰ ਸ਼ਾਇਦ ਆਪਣੀ ਖੁਰਾਕ ਦਾ ਖੁਲਾਸਾ ਕਰਕੇ ਟੀਮ ਦੇ ਡਾਈਟੀਸ਼ੀਅਨ ਦੀ ਪਰੇਸ਼ਾਨੀ ਵਧਾ ਦਿੱਤੀ। ਇੰਗਲੈਂਡ ਨੇ 359 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 286 ਦੌੜਾਂ 'ਤੇ 9 ਵਿਕਟਾਂ ਗੁਆ ਦਿੱਤੀਆਂ। ਇਸ ਸਮੇਂ ਸਟੋਕਸ 61 ਦੌੜਾਂ 'ਤੇ ਖੇਡ ਰਹੇ ਸਨ। 

ਸਟੋਕਸ (ਅਜੇਤੂ 135) ਨੇ ਹਾਲਾਂਕਿ ਆਖ਼ਰੀ ਬੱਲੇਬਾਜ਼ ਦੇ ਰੂਪ 'ਚ ਉਤਰੇ ਜੈਕ ਲੀਚ (ਅਜੇਤੂ 01) ਦੇ ਨਾਲ ਅੰਤਿਮ ਵਿਕਟ ਲਈ 76 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਕੇ ਇੰਗਲੈਂਡ ਦੀ ਇਤਿਹਾਸਕ ਜਿੱਤ ਅਤੇ ਪੰਜ ਮੈਚਾਂ ਦੀ ਸੀਰੀਜ਼ 'ਚ 1-1 ਨਾਲ ਬਰਾਬਰੀ ਦਿਵਾ ਦਿੱਤੀ। ਸਟੋਕਸ ਨੇ 219 ਗੇਂਦ ਦੀ ਆਪਣੀ ਪਾਰੀ 'ਚ 11 ਚੌਕੇ ਅਤੇ ਅੱਠ ਛੱਕੇ ਮਾਰੇ ਜਦਕਿ ਇਸ ਤੋਂ ਇਕ ਦਿਨ ਪਹਿਲਾਂ ਦਿਨ ਦਾ ਖੇਡ ਖ਼ਤਮ ਹੋਣ 'ਤੇ ਉਹ 50 ਗੇਂਦ 'ਚ ਦੋ ਦੌੜਾਂ ਬਣਾ ਕੇ ਅਜੇਤੂ ਸਨ। ਖੱਬੇ ਹੱਥ ਦੇ ਇਸ ਬੱਲੇਬਾਜ਼ ਤੋਂ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਰਾਤ ਨੂੰ ਕੀ ਕੀਤਾ ਤਾਂ ਉਨ੍ਹਾਂ ਕਿਹਾ, ''ਮੇਰੀ ਪਤਨੀ ਅਤੇ ਬੱਚੇ ਆਏ ਅਤੇ ਉਹ 10 ਵਜੇ ਮੇਰੇ ਕੋਲ ਪਹੁੰਚੇ। ਮੇਰੀ ਪਤਨੀ ਪਾਸਤਾ ਖਾ ਰਹੀ ਸੀ।'' 

ਉਨ੍ਹਾਂ ਕਿਹਾ, ''ਕੱਲ ਰਾਤ ਮੈਨੂੰ ਲਗਦਾ ਹੈ ਕਿ ਮੈਂ ਕਾਫੀ ਨੇਂਡੋਸ (ਫ੍ਰਾਈਡ ਚਿਕਨ) ਅਤੇ ਦੋ (ਚਾਕਲੇਟ) ਯਾਰਕੀ ਬਿਸਕੁਟ ਅਤੇ ਕਿਸ਼ਮਿਸ਼ ਖਾਦੇ ਸਨ। ਸਵੇਰੇ ਦੋ ਵਾਰ ਕੌਫੀ ਪੀਤੀ।'' ਆਪਣੀ ਪਾਰੀ ਦੇ ਸੰਦਰਭ 'ਚ ਇੰਗਲੈਂਡ ਦੇ ਉਪ ਕਪਤਾਨ ਨੇ ਕਿਹਾ, ''ਸਾਨੂੰ ਪਤਾ ਸੀ ਕਿ ਜੇਕਰ ਅਸੀਂ ਇਹ ਮੈਚ ਹਾਰ ਗਏ ਤਾਂ ਏਸ਼ੇਜ਼ ਹੱਥੋਂ ਨਿਕਲ ਜਾਵੇਗੀ। ਜਦੋਂ 11ਵੇਂ ਨੰਬਰ ਦਾ ਬੱਲੇਬਾਜ਼ ਉਤਰਿਆ ਤਾਂ ਸਾਨੂੰ 70 ਦੌੜਾਂ (ਅਸਲ 'ਚ 73) ਹੋਰ ਬਣਾਉਣੀਆਂ ਸਨ। ਮੈਨੂੰ ਪਤਾ ਸੀ ਕਿ ਮੈਚ ਦੀ ਸਥਿਤੀ ਮੁਤਾਬਕ ਮੈਨੂੰ ਕੀ ਕਰਨਾ ਹੈ। ਮੈਂ ਬਸ ਉਸ ਸਮੇਂ ਨਰਵਸ ਹੋਇਆ ਜਾਂ ਡਰਿਆ ਜਦੋਂ ਸਾਨੂੰ 10 ਤੋਂ ਘੱਟ ਦੌੜਾਂ ਬਣਾਉਣੀਆਂ ਸਨ।''

Tarsem Singh

This news is Content Editor Tarsem Singh