ਬੇਲਿਸ ਨੂੰ ਆਸਟਰੇਲੀਆ ਵਿਰੁੱਧ ਇੰਗਲੈਂਡ ਦੀ ਜਿੱਤ ਦਾ ਭਰੋਸਾ

07/10/2019 2:48:40 AM

ਐਜਬਸਟਨ— ਆਸਟਰੇਲੀਆ ਵਿਰੁੱਧ ਆਈ. ਸੀ. ਸੀ. ਵਿਸ਼ਵ ਕੱਪ ਦੇ ਸੈਮੀਫਾਈਨਲ ਤੋਂ ਪਹਿਲਾਂ ਇੰਗਲੈਂਡ ਦੇ ਕੋਚ ਟ੍ਰੈਵਰ ਬੇਲਿਸ ਨੇ ਕਿਹਾ ਹੈ ਕਿ ਉਸ ਨੂੰ ਪੂਰੀ ਉਮੀਦ ਹੈ ਕਿ ਟੀਮ ਆਸਟਰੇਲੀਆ ਵਿਰੁੱਧ ਟਾਸ ਜਿੱਤੇ ਜਾਂ ਹਾਰੇ ਪਰ ਮੁਕਾਬਲੇ 'ਚ ਜਿੱਤ ਦਰਜ ਕਰੇਗੀ। ਇੰਗਲੈਂਡ ਨੇ ਵਿਸ਼ਵ ਕੱਪ ਦੇ ਆਪਣੇ ਆਖਰੀ ਦੋ ਮੁਕਾਬਲਿਆਂ 'ਚ ਭਾਰਤ ਅਤੇ ਨਿਊਜ਼ੀਲੈਂਡ ਵਿਰੁੱਧ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ ਅਤੇ ਅੰਕ ਸੂਚੀ 'ਚ ਤੀਜੇ ਸਥਾਨ 'ਤੇ ਰਹਿੰਦੇ ਹੋਏ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ ਸੀ ਪਰ ਬੇਲਿਸ ਨੂੰ ਭਰੋਸਾ ਹੈ ਕਿ ਟੀਮ ਦੂਜੀ ਪਾਰੀ 'ਚ ਬੱਲੇਬਾਜ਼ੀ ਕਰਦੀ ਹੈ ਤਾਂ ਵੀ ਉਹ ਟੀਚੇ ਦਾ ਪਿੱਛਾ ਆਸਾਨੀ ਨਾਲ ਕਰ ਸਕਦੀ ਹੈ।
ਜ਼ਿਕਰਯੋਗ ਹੈ ਕਿ ਇਸ ਵਿਸ਼ਵ ਕੱਪ 'ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੂੰ ਫਾਇਦਾ ਪਹੁੰਚਿਆ ਹੈ। ਹੁਣ ਤਕ ਟੂਰਨਾਮੈਂਟ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮਾਂ ਨੇ 27 ਵਾਰ ਮੈਚ ਜਿੱਤਿਆ ਹੈ, ਜਦਕਿ ਟੀਚੇ ਦਾ ਪਿੱਛਾ ਕਰਦੇ ਹੋਏ 14 ਮੁਕਾਬਲੇ ਜਿੱਤੇ ਹਨ। ਉਥੇ ਹੀ ਪਿਛਲੇ 20 ਮੈਚਾਂ 'ਚੋਂ 16 ਮੁਕਾਬਲੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜਿੱਤੇ ਹਨ ਅਤੇ ਚਾਰ ਮੈਚ ਟੀਚੇ ਦਾ ਪਿੱਛਾ ਕਰਦੇ ਹੋਏ ਜਿੱਤੇ ਹਨ।
ਬੇਲਿਸ ਨੇ ਕਿਹਾ, ''ਟੀਚੇ ਦਾ ਪਿੱਛਾ ਕਰਨ 'ਚ ਸਾਡੇ ਖਿਡਾਰੀਆਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਅਸੀਂ ਟੀਚੇ ਦਾ ਪਿੱਛਾ ਕਰਦੇ ਹੋਏ ਆਸਟਰੇਲੀਆ ਅਤੇ ਸ਼੍ਰੀਲੰਕਾ ਵਿਰੁੱਧ ਮੈਚ ਹਾਰ ਗਏ ਸੀ ਪਰ ਅਸੀਂ 17 ਮੁਕਾਬਲਿਆਂ 'ਚੋਂ 11 ਮੈਚ ਟੀਚੇ ਦਾ ਪਿੱਛਾ ਕਰਦੇ ਹੋਏ ਜਿੱਤੇ ਹਨ ਅਤੇ ਹੁਣ ਪਿੱਚ ਵੀ ਪਹਿਲਾਂ ਤੋਂ ਬਿਹਤਰ ਹੋ ਗਈ ਹੈ।''
ਇੰਗਲੈਂਡ ਲਈ ਹਾਂ-ਪੱਖੀ ਗੱਲ ਹੈ ਕਿ ਉਸ ਦੇ ਸਲਾਮੀ ਬੱਲੇਬਾਜ਼ ਜੈਸਨ ਰਾਏ ਅਤੇ ਜਾਨੀ ਬੇਅਰਸਟੋ ਫਾਰਮ 'ਚ ਚੱਲ ਰਹੇ ਹਨ ਅਤੇ ਜੇਕਰ ਪਿੱਚ ਇੰਗਲਿਸ਼ ਟੀਮ ਦੇ ਹਿਸਾਬ ਨਾਲ ਰਹੀ ਤਾਂ ਉਸ ਦਾ ਫਾਇਦਾ ਟੀਮ ਨੂੰ ਬਾਖੂਬੀ ਹੋਵੇਗਾ। ਜੈਸਨ ਅਤੇ ਬੇਅਰਸਟੋ ਪਿਛਲੇ 31 ਵਨ ਡੇ ਮੈਚਾਂ 'ਚ 10 ਸੈਂਕੜਿਆਂ ਦੀ ਸਾਂਝੇਦਾਰੀ ਕਰ ਚੁੱਕੇ ਹਨ। ਬੇਅਰਸਟੋ ਵਿਸ਼ਵ ਕੱਪ 'ਚ ਲਗਾਤਾਰ ਦੋ ਪਾਰੀਆਂ 'ਚ ਦੋ ਸੈਂਕੜੇ ਜੜ ਚੁੱਕਾ ਹੈ। ਬੇਲਿਸ ਨੇ ਕਿਹਾ, ''ਜੈਸਨ ਅਤੇ ਬੇਅਰਸਟੋ ਬਿਹਤਰੀਨ ਬੱਲੇਬਾਜ਼ੀ ਕਰ ਰਹੇ ਹਨ। ਜਿਸ ਤਰ੍ਹਾਂ ਜੈਸਨ ਬੱਲੇਬਾਜ਼ੀ ਕਰਦਾ ਹੈ, ਉਸ ਨਾਲ ਹੋਰ ਬੱਲੇਬਾਜ਼ਾਂ 'ਚ ਵੀ ਆਤਮ-ਵਿਸ਼ਵਾਸ ਵਧਦਾ ਹੈ ਅਤੇ ਉਹ ਵੀ ਸ਼ਾਨਦਾਰ ਬੱਲੇਬਾਜ਼ੀ ਕਰਦੇ ਹਨ।

Gurdeep Singh

This news is Content Editor Gurdeep Singh