BCCI ਨੇ ਪਦਮ ਭੂਸ਼ਣ ਲਈ ਧੋਨੀ ਦੇ ਨਾਂ ਦੀ ਕੀਤੀ ਸਿਫਾਰਸ਼

09/20/2017 3:53:14 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ. ) ਨੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਨਾਂ ਦੇਸ਼ ਦੇ ਤੀਜੇ ਸਰਵਉੱਚ ਨਾਗਰਿਕ ਸਨਮਾਨ ਪਦਮ ਭੂਸ਼ਣ ਪੁਰਸਕਾਰ ਲਈ ਭੇਜਿਆ ਹੈ । ਬੋਰਡ ਦੇ ਇੱਕ ਉੱਚ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਬੀ.ਸੀ.ਸੀ.ਆਈ. ਨੇ ਪਦਮ ਭੂਸ਼ਣ ਸਨਮਾਨ ਲਈ ਸਰਬਸੰਮਤੀ ਨਾਲ ਇੱਕ ਨਾਮ ਭੇਜਿਆ ਹੈ ਜੋ ਕਿ ਭਾਰਤ  ਦੇ ਸਭ ਤੋਂ ਸਫਲ ਕਪਤਾਨ ਦਾ ਨਾਂ ਹੈ  ।    

ਪਦਮ ਭੂਸ਼ਣ ਸਨਮਾਨ ਲਈ ਭੇਜਿਆ ਗਿਆ ਧੋਨੀ ਦਾ ਨਾਂ 
ਬੀ.ਸੀ.ਸੀ.ਆਈ. ਦੇ ਕਾਰਜਵਾਹਕ ਪ੍ਰਧਾਨ ਸੀ.ਕੇ. ਖੰਨਾ ਨੇ ਕਿਹਾ ਕਿ ਬੋਰਡ ਨੇ ਮਹਿੰਦਰ ਸਿੰਘ ਧੋਨੀ ਦਾ ਨਾਂ ਪਦਮ ਭੂਸ਼ਣ ਸਨਮਾਨ ਲਈ ਭੇਜਿਆ ਹੈ । ਇਹ ਫੈਸਲਾ ਮੈਬਰਾਂ ਦੀ ਸਰਬਸੰਮਤੀ ਨਾਲ ਹੋਇਆ ਹੈ।  ਉਹ ਮੌਜੂਦਾ ਕ੍ਰਿਕਟ ਦੇ ਸਭ ਤੋਂ ਮਹਾਨ ਨਾਵਾਂ ਵਿੱਚੋਂ ਇੱਕ ਹੈ । ਧੋਨੀ ਭਾਰਤ ਦੇ ਇਕਲੌਤੇ ਖਿਡਾਰੀ ਹਨ ਜਿਨ੍ਹਾਂ ਦੀ ਕਪਤਾਨੀ ਵਿੱਚ ਟੀਮ ਨੇ ਦੋ ਵਿਸ਼ਵ ਕੱਪ ਜਿੱਤੇ ਹਨ ਜਿਸ ਵਿੱਚ 2007 ਵਿੱਚ ਟੀ-20 ਵਿਸ਼ਵ ਕੱਪ ਅਤੇ 2011 ਦਾ ਵਨਡੇ ਵਿਸ਼ਵ ਕੱਪ ਸ਼ਾਮਿਲ ਹੈ । ਖੰਨਾ ਨੇ ਕਿਹਾ ਕਿ ਉਹ ਇਕ ਰੋਜ਼ਾ 'ਚ ਵਿੱਚ 1,000 ਦੌੜਾਂ ਦੇ ਕਰੀਬ ਹੈ ਅਤੇ ਸਾਡੇ ਸਭ ਤੋਂ ਮਹਾਨ ਇੱਕ ਦਿਨਾਂ ਖਿਡਾਰੀ ਵਿੱਚੋਂ ਇੱਕ ਹੈ । ਇਸ ਪੁਰਸਕਾਰ ਲਈ ਉਨ੍ਹਾਂ ਤੋਂ ਇਲਾਵਾ ਕੋਈ ਨਾਂ ਨਹੀਂ ਹੋ ਸਕਦਾ ਸੀ । 

ਇਸ ਖਿਤਾਬ ਦੇ ਨਾਲ ਦੇਸ਼ ਦੇ 11ਵੇਂ ਕਰਿਕਟਰ ਬਣ ਜਾਣਗੇ ਧੋਨੀ
ਜੇਕਰ ਧੋਨੀ ਨੂੰ ਇਹ ਖਿਤਾਬ ਮਿਲਦਾ ਹੈ ਤਾਂ ਇਹ ਸਨਮਾਨ ਪ੍ਰਾਪਤ ਵਾਲੇ ਉਹ ਦੇਸ਼ ਦੇ 11ਵੇਂ ਕਰਿਕਟਰ ਹੋਣਗੇ । ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ, ਕਪਿਲ ਦੇਵ, ਸੁਨੀਲ ਗਵਾਸਕਰ, ਰਾਹੁਲ ਦਰਾਵਿੜ , ਚੰਦੂ ਬੋਰਡੇਂ, ਪ੍ਰੋ. ਡੀ. ਬੀ. ਦੇਵਧਰ, ਕਰਨਲ ਸੀ. ਕੇ. ਨਾਇਡੂ ਅਤੇ ਲਾਲਾ ਅਮਰਨਾਥ  ਦੇ ਨਾਲ ਨਾਲ ਪਟਿਆਲੇ ਦਾ ਰਾਜਾ ਭਲਿੰਦਰਾ ਸਿੰਘ ਅਤੇ ਵਿਜੈਨਗਰ ਦੇ ਮਹਾਰਾਜ ਵਿਜੈ ਆਨੰਦ ਨੂੰ ਸਨਮਾਨ ਮਿਲਿਆ ਹੈ ।    

ਅਜਿਹਾ ਰਿਹਾ ਕ੍ਰਿਕਟ ਕਰੀਅਰ
ਅੰਤਰਰਾਸ਼ਟਰੀ ਕ੍ਰਿਕਟ ਵਿੱਚ 16 ਸੈਂਕੜੇ (ਵਨਡੇ ਵਿੱਚ 10 ਅਤੇ ਟੈਸਟ ਵਿੱਚ 6) ਅਤੇ 100 ਅਰਧ ਸੈਂਕੜੇ ਲਗਾਉਣ ਵਾਲੇ 36 ਸਾਲਾ ਧੋਨੀ ਨੇ ਹੁਣ ਤੱਕ 302 ਵਨਡੇ ਅੰਤਰਰਾਸ਼ਟਰੀ ਮੈਚਾਂ ਵਿੱਚ 9737 ਦੌੜਾਂ ਬਣਾਈਆਂ ਹਨ ਜਦੋਂ ਕਿ 90 ਟੈਸਟ ਵਿੱਚ ਉਨ੍ਹਾਂ ਦੇ ਨਾਂ 4876 ਦੌੜਾਂ ਹਨ । ਟੀ 20 ਅੰਤਰਰਾਸ਼ਟਰੀ ਦੇ 78 ਮੈਚਾਂ ਵਿੱਚ ਧੋਨੀ ਦੇ ਬੱਲੇ ਨਾਲ 1212 ਦੌੜਾਂ ਨਿਕਲੀਆਂ ਹਨ । ਵਿਕਟ ਦੇ ਪਿੱਛੇ ਵੀ ਉਨ੍ਹਾਂ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ । ਅੰਤਰਰਾਸ਼ਟਰੀ ਪੱਧਰ ਉੱਤੇ ਉਨ੍ਹਾਂ ਨੇ 584 (ਟੈਸਟ ਵਿੱਚ 256, ਇਕ ਰੋਜ਼ਾ ਵਿੱਚ 285 ਅਤੇ ਟੀ-20 ਵਿੱਚ 43) ਕੈਚ ਫੜਨ ਦੇ ਨਾਲ 163 ਸਟੰਪਿੰਗ ਵੀ ਕੀਤੀ ਹੈ । ਧੋਨੀ ਨੂੰ ਪਹਿਲਾਂ ਹੀ ਅਰਜੁਨ ਪੁਰਸਕਾਰ, ਰਾਜੀਵ ਗਾਂਧੀ ਖੇਲ ਰਤਨ ਅਤੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ ।