BCCI ਦੀ ਸਾਲਾਨਾ ਬੈਠਕ 24 ਦਸੰਬਰ ਨੂੰ ਹੋਵੇਗੀ, IPL ਦੀਆਂ 2 ਟੀਮਾਂ 'ਤੇ ਲਿਆ ਜਾਵੇਗਾ ਫ਼ੈਸਲਾ

12/03/2020 4:37:44 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਸਾਲਾਨਾ ਆਮ ਬੈਠਕ 24 ਦਸੰਬਰ ਨੂੰ ਹੋਵੇਗੀ ਜਿਸ 'ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ 2 ਟੀਮਾਂ ਨੂੰ ਸ਼ਾਮਲ ਕਰਨ, 3 ਨਵੇਂ ਰਾਸ਼ਟਰੀ ਚੋਣਕਰਤਾਵਾਂ ਤੇ ਕੌਮਾਂਤਰੀ ਕ੍ਰਿਕਟ ਕਾਊਂਸਿਲ (ਆਈ. ਸੀ. ਸੀ.) 'ਚ ਭਾਰਤ ਦੇ ਨੁਮਾਇੰਦੇ ਦੀ ਨਿਯੁਕਤੀ 'ਤੇ ਫ਼ੈਸਲਾ ਹੋਵੇਗਾ। ਬੈਠਕ ਦੇ ਏਜੰਡੇ 'ਚ ਨਵੇਂ ਉਪ ਪ੍ਰਧਾਨ ਦੀ ਚੋਣ ਵੀ ਸ਼ਾਮਲ ਹੈ।

ਬੀ. ਸੀ. ਸੀ. ਆਈ. ਨੇ ਏ. ਜੀ. ਐੱਮ. ਬੁਲਾਉਣ ਤੋਂ ਪਹਿਲਾਂ ਸਾਰੀਆਂ ਮਨਜ਼ੂਰਸ਼ੁਦਾ ਇਕਾਈਆਂ ਨੂੰ 21 ਦਿਨ ਪਹਿਲਾਂ 23 ਬਿੰਦੂਆਂ ਦਾ ਏਜੰਡਾ ਭੇਜਿਆ ਹੈ। ਇਸ 'ਚ ਸਭ ਤੋਂ ਅਹਿਮ ਬਿੰਦੂ ਆਈ. ਪੀ. ਐੱਲ. 'ਚ 2 ਟੀਮਾਂ ਨੂੰ ਸ਼ਾਮਲ ਕਰਕੇ ਇਸ ਨੂੰ 10 ਟੀਮਾਂ ਦਾ ਟੂਰਨਾਮੈਂਟ ਬਣਾਉਣਾ ਹੈ। ਸਮਝਿਆ ਜਾਂਦਾ ਹੈ ਕਿ ਅਡਾਨੀ ਸਮੂਹ ਤੇ ਸੰਜੀਵ ਗੋਇਨਕਾ ਦੀ ਆਰ. ਪੀ. ਜੀ. (ਰਾਈਜ਼ਿੰਗ ਪੁਣੇ ਸੁਪਰਜਾਇੰਟਸ ਦੇ ਮਾਲਕ) ਨਵੀਆਂ ਟੀਮਾਂ ਬਣਾਉਣੀਆਂ ਚਾਹੁੰਦੇ ਹਨ ਜਿਸ 'ਚੋਂ ਇਕ ਟੀਮ ਅਹਿਮਦਾਬਾਦ ਤੋਂ ਹੋਵੇਗੀ।

ਬੈਠਕ 'ਚ ਇਸ 'ਤੇ ਵੀ ਗੱਲ ਕੀਤੀ ਜਾਵੇਗੀ ਕਿ ਆਈ. ਸੀ. ਸੀ. ਤੇ ਏਸ਼ੀਆਈ ਕ੍ਰਿਕਟ ਪਰਿਸ਼ਦ 'ਚ ਬੀ. ਸੀ. ਸੀ. ਆਈ. ਦੀ ਨੁਮਾਇੰਦਗੀ ਕੌਣ ਕਰੇਗਾ। ਸਮਝਿਆ ਜਾਂਦਾ ਹੈ ਕਿ ਬੋਰਡ ਸਕੱਤਰ ਜੈ ਸ਼ਾਹ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਵੇਗੀ। ਚੋਣ ਕਮੇਟੀ ਦੇ ਪ੍ਰਧਾਨ ਦੇ ਨਾਲ ਤਿੰਨ ਨਵੇਂ ਚੋਣਕਰਤਾਵਾਂ ਦੀ ਵੀ ਚੋਣ ਹੋਣੀ ਹੈ। ਬੋਰਡ ਦੇ ਇਕ ਸੀਨੀਅਰ ਸੂਤਰ ਨੇ ਦੱਸਿਆ, ''ਚੋਣ ਕਮੇਟੀ ਕ੍ਰਿਕਟ ਕਮੇਟੀ ਦਾ ਹਿੱਸਾ ਹੈ।

ਇਸ ਤੋਂ ਇਲਾਵਾ ਤਕਨੀਕੀ ਕਮੇਟੀ ਦਾ ਵੀ ਗਠਨ ਹੋਣਾ ਹੈ। ਇਹ ਸਾਰੀਆਂ ਉਪ ਕਮੇਟੀਆਂ ਹਨ।'' ਅੰਪਾਇਰਾਂ ਦੀ ਉਪ ਕਮੇਟੀ ਦਾ ਵੀ ਗਠਨ ਹੋਵੇਗਾ। ਇਸ ਦੇ ਨਾਲ ਹੀ ਰਾਸ਼ਟਰੀ ਕ੍ਰਿਕਟ ਅਕੈਡਮੀ ਨਾਲ ਜੁੜੇ ਮਸਲਿਆਂ 'ਤੇ ਵੀ ਗੱਲ ਕੀਤੀ ਜਾਵੇਗੀ। ਗੱਲਬਾਤ 'ਚ ਭਾਰਤ ਦਾ 2021 ਦਾ 'ਫ਼ਿਊਚਰ ਟੂਰ ਪ੍ਰੋਗਰਾਮ', ਅਗਲੇ ਸਾਲ ਹੋਣ ਵਾਲੇ ਟੀ-20 ਵਰਲਡ ਕੱਪ ਦੀ ਤਿਆਰੀ ਤੇ 2028 ਲਾਸ ਏਂਜਲਸ ਖੇਡਾਂ 'ਚ ਕ੍ਰਿਕਟ ਨੂੰ ਸ਼ਾਮਲ ਕਰਨ ਦੀ ਮੰਗ ਜਿਹੇ ਮੁੱਦਿਆਂ 'ਤੇ ਵੀ ਗੱਲ ਹੋਵੇਗੀ।

Tarsem Singh

This news is Content Editor Tarsem Singh