ਭਾਰਤੀ ਕ੍ਰਿਕਟਰਾਂ ਨੂੰ ''ਹਲਾਲ'' ਮੀਟ ਭੇਜਣ ਦੀ ਸਿਫਾਰਿਸ਼ ਨੂੰ ਲੈ ਕੇ ਵਿਵਾਦਾਂ ''ਚ ਘਿਰਿਆ BCCI, ਹੁਣ ਦਿੱਤੀ ਇਹ ਸਫ਼ਾਈ

11/24/2021 12:31:06 PM

ਨਵੀਂ ਦਿੱਲੀ (ਭਾਸ਼ਾ)- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਮੰਗਲਵਾਰ ਨੂੰ ਉਸ ਸਮੇਂ ਵਿਵਾਦਾਂ ਵਿਚ ਘਿਰ ਗਿਆ, ਜਦੋਂ ਇਹ ਪਤਾ ਲੱਗਾ ਕਿ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਮੈਚ ਦੌਰਾਨ ਭਾਰਤੀ ਕ੍ਰਿਕਟਰਾਂ ਲਈ ਜੋ ਮੈਨਿਊ ਤਿਆਰ ਕੀਤਾ ਗਿਆ ਸੀ, ਉਸ ਵਿਚ ਸਿਰਫ਼ 'ਹਲਾਲ' ਮੀਟ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਮੈਨਿਊ ਵਿਚ ਸਪੱਸ਼ਟ ਕੀਤਾ ਗਿਆ ਸੀ ਕਿ ਪੋਕਰ (ਸੂਰ ਦਾ ਮਾਸ) ਅਤੇ ਬੀਫ (ਗਾਂ ਦਾ ਮਾਸ) ਕਿਸੇ ਵੀ ਰੂਪ ਵਿਚ ਭੋਜਨ ਦਾ ਹਿੱਸਾ ਨਹੀਂ ਹੋਣੇ ਚਾਹੀਦੇ। ਭਾਰਤੀ ਖਿਡਾਰੀਆਂ ਨੂੰ ਮਾਸਾਹਾਰੀ ਪਕਵਾਨਾਂ ਵਿਚ ਸਿਰਫ਼ ਹਲਾਲ ਮੀਟ ਹੀ ਪਰੋਸਿਆ ਜਾਵੇਗਾ। ਇਸ ਮਾਮਲੇ ਦੇ ਸਾਹਮਣੇ ਆਉਂਦੇ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਤੋਂ ਇਹ ਫ਼ੈਸਲਾ ਵਾਪਸ ਲੈਣ ਦੀ ਮੰਗ ਹੋਣ ਲੱਗੀ।

ਉਥੇ ਹੀ ਇਸ ਵਿਵਾਦ ਤੋਂ ਬਾਅਦ ਬੀ.ਸੀ.ਸੀ.ਆਈ. ਦੇ ਖਜ਼ਾਨਚੀ ਅਰੁਣ ਕੁਮਾਰ ਧੂਮਲ ਦਾ ਬਿਆਨ ਸਾਹਮਣੇ ਆਇਆ ਹੈ। ਧੂਮਲ ਨੇ ਸਾਰੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ ਕਥਿਤ ਡਾਈਟ ਪਲਾਨ ਬਾਰੇ ਕਦੇ ਵੀ ਚਰਚਾ ਨਹੀਂ ਹੋਈ ਅਤੇ ਨਾ ਹੀ ਇਸ ਨੂੰ ਲਾਗੂ ਕੀਤਾ ਜਾਵੇਗਾ। ਧੂਮਲ ਅਨੁਸਾਰ ਬੋਰਡ ਵੱਲੋਂ ਕਦੇ ਵੀ ਇਸ ਸਬੰਧੀ ਕੋਈ ਹਦਾਇਤ ਨਹੀਂ ਕੀਤੀ ਗਈ ਕਿ ਖਿਡਾਰੀ ਜਾਂ ਟੀਮ ਸਟਾਫ਼ ਨੂੰ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ ਖਾਣਾ ਚਾਹੀਦਾ। ਖਿਡਾਰੀਆਂ ਨੂੰ ਆਪਣਾ ਭੋਜਨ ਚੁਣਨ ਦੀ ਆਜ਼ਾਦੀ ਹੈ।

ਇਹ ਵੀ ਪੜ੍ਹੋ : ਗੌਤਮ ਗੰਭੀਰ ਨੂੰ ISIS ਤੋਂ ਮਿਲੀ ਜਾਨੋ ਮਾਰਨ ਦੀ ਧਮਕੀ, ਘਰ ਦੇ ਬਾਹਰ ਵਧਾਈ ਗਈ ਸੁਰੱਖਿਆ

ਦੱਸ ਦੇਈਏ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬੁਲਾਰੇ ਅਤੇ ਵਕੀਲ ਗੌਰਵ ਗੋਇਲ ਨੇ ਇਸ ਸਿਫਾਰਸ਼ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਸੀ। ਗੋਇਲ ਨੇ ਬੀਤੇ ਦਿਨ ਆਪਣੇ ਟਵਿੱਟਰ ਹੈਂਡਲ 'ਤੇ ਜਾਰੀ ਵੀਡੀਓ 'ਚ ਕਿਹਾ ਸੀ, 'ਖਿਡਾਰੀ ਜੋ ਚਾਹੁਣ ਖਾ ਲੈਣ, ਇਹ ਉਨ੍ਹਾਂ ਦੀ ਮਰਜ਼ੀ ਹੈ ਪਰ ਬੀ.ਸੀ.ਸੀ.ਆਈ. ਨੂੰ ਇਹ ਅਧਿਕਾਰ ਕਿਸ ਨੇ ਦਿੱਤਾ ਹੈ, ਕਿ ਉਹ 'ਹਲਾਲ' ਮੀਟ ਦੀ ਸਿਫ਼ਾਰਸ਼ ਕਰੇ।' ਉਨ੍ਹਾਂ ਕਿਹਾ,' ਇਹ ਫ਼ੈਸਲਾ ਸਹੀ ਨਹੀਂ ਹੈ। ਇਸ ਨੂੰ ਤੁਰੰਤ ਵਾਪਸ ਲਿਆ ਜਾਵੇ।' 

'ਹਲਾਲ' ਮੀਟ ਕੀ ਹੈ?
ਹਿੰਦੂ ਅਤੇ ਸਿੱਖ ਆਮ ਤੌਰ 'ਤੇ 'ਝਟਕਾ' ਮੀਟ ਖਾਣਾ ਪਸੰਦ ਕਰਦੇ ਹਨ, ਜਦੋਂ ਕਿ ਮੁਸਲਮਾਨ 'ਹਲਾਲ' ਮੀਟ ਨੂੰ ਤਰਜੀਹ ਦਿੰਦੇ ਹਨ। ਹਲਾਲ ਵਿਚ ਜਾਨਵਰ ਦੀ ਗਲੇ ਦੀ ਨਾੜੀ ਨੂੰ ਕੱਟਿਆ ਜਾਂਦਾ ਹੈ ਅਤੇ ਉਦੋਂ ਤੱਕ ਛੱਡ ਦਿੱਤਾ ਜਾਂਦਾ ਹੈ ਜਦੋਂ ਤੱਕ ਉਸ ਦਾ ਸਾਰਾ ਖੂਨ ਨਹੀਂ ਨਿਕਲ ਜਾਂਦਾ। ਝਟਕੇ 'ਚ ਜਾਨਵਰ ਦੀ ਗਰਦਨ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਸ ਨੂੰ ਤੁਰੰਤ ਮਾਰ ਦਿੱਤਾ ਜਾਂਦਾ ਹੈ। ਸੀਰੀਜ਼ ਦਾ ਪਹਿਲਾ ਟੈਸਟ ਮੈਚ ਵੀਰਵਾਰ ਤੋਂ ਕਾਨਪੁਰ 'ਚ ਸ਼ੁਰੂ ਹੋਵੇਗਾ ਜਦਕਿ ਦੂਜਾ ਮੈਚ 3 ਦਸੰਬਰ ਤੋਂ ਮੁੰਬਈ 'ਚ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ : ਪਾਕਿਸਤਾਨ ਦੇ PM ਅਤੇ ਸਾਬਕਾ ਕ੍ਰਿਕਟਰ ਇਮਰਾਨ ਖਾਨ ਦੀ ਕੌਮਾਂਤਰੀ ਖੇਡ ਐਵਾਰਡ ਲਈ ਹੋਈ ਚੋਣ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry