ਬਾਸਕਟਬਾਲ ਇੰਡੀਆ ਪਲੇਅਰਸ ਐਸੋਸੀਏਸ਼ਨ ਲਾਂਚ

07/30/2017 4:22:58 AM

ਨਵੀਂ ਦਿੱਲੀ— ਦੇਸ਼ ਵਿਚ ਬਾਸਕਟਬਾਲ ਖਿਡਾਰੀਆਂ ਦੇ ਹਿੱਤਾਂ ਦਾ ਧਿਆਨ ਰੱਖਣ ਤੇ ਉਨ੍ਹਾਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਦੇ ਟੀਚੇ ਨਾਲ ਬਾਸਕਟਬਾਲ ਇੰਡੀਆ ਪਲੇਅਰਸ ਐਸੋਸੀਏਸ਼ਨ (ਬੀ.ਆਈ.ਪੀ.ਏ.) ਨੂੰ ਸ਼ਨੀਵਾਰ ਨੂੰ ਇੱਥੇ ਲਾਂਚ ਕਰ ਦਿੱਤਾ ਗਿਆ।
ਦੇਸ਼ ਵਿਚ ਬਾਸਕਟਬਾਲ ਨੂੰ ਉਤਸ਼ਾਹਿਤ ਕਰਨ ਨੂੰ ਲੈ ਕੇ ਕੀਤੇ ਜਾ ਰਹੇ ਕਦਮਾਂ ਵਿਚਾਲੇ ਬੀ.ਆਈ.ਪੀ.ਏ. ਨੂੰ ਲਾਂਚ ਕੀਤਾ ਜਾਣਾ ਖਿਡਾਰੀਆਂ ਦੇ ਹਿੱਤਾਂ ਲਈ ਇਕ ਵੱਡਾ ਕਦਮ ਹੈ। ਬੀ.ਆਈ.ਪੀ.ਏ. ਨੂੰ ਇੱਥੇ ਲਾਂਚ ਕੀਤੇ ਜਾਣ ਦੇ ਸਮੇਂ ਓਲੰਪਿਕ ਵਿਚ ਖੇਡ ਚੁੱਕੇ ਦੇਸ਼ ਦੇ ਧਾਕੜ ਬਾਸਕਟਬਾਲ ਖਿਡਰੀ ਤੇ ਬੀ.ਆਈ.ਪੀ.ਏ. ਨਾਲ ਜੁੜੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਲੋਕ ਮੌਜੂਦ ਸਨ।
ਬੀ.ਆਈ.ਪੀ.ਏ.ਦੇ ਮੁਖੀ ਤੇ ਜੋਧਪੁਰ ਤੋਂ ਸੰਸਦ ਮੈਂਬਰ ਗਜੇਂਦਰ ਸਿੰਘ ਸ਼ੇਖਾਵਤ ਨੇ ਇਸ ਮੌਕੇ 'ਤੇ ਕਿਹਾ ਕਿ ਅਸੀਂ ਖਿਡਾਰੀਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਐਸੋਸੀਏਸ਼ਨ ਨੂੰ ਲਾਂਚ ਕੀਤਾ ਹੈ। ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ ਤੇ ਨਾ ਹੀ ਅਸੀਂ ਬਾਸਕਟਬਾਲ ਐਸੋਸੀਏਸ਼ਨ ਦੀ ਰਾਜਨੀਤੀ ਵਿਚ ਪੈਣਾ ਚਾਹੁੰਦੇ ਹਾਂ। ਸਾਡਾ ਟੀਚਾ ਸਾਫ ਹੈ ਕਿ ਅਸੀਂ ਸਿਰਫ ਖਿਡਾਰੀਆਂ ਦੇ ਹਿੱਤਾਂ ਦਾ ਧਿਆਨ ਰੱਖਣਾ ਹੈ ਤੇ ਦੇਸ਼ ਵਿਚ ਇਸ ਖੇਡ ਨੂੰ ਅੱਗੇ ਵਧਾਉਣਾ ਹੈ।
ਇਸ ਮੌਕੇ 'ਤੇ ਮੌਜੂਦ ਮੁੱਖ ਮਹਿਮਾਨ ਤੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ ਨੇ ਕਿਹਾ ਕਿ ਇਹ ਇਕ ਚੰਗੀ ਪਹਿਲਾ ਹੈ ਤੇ ਸਾਰੀਆਂ ਖੇਡਾਂ ਵਿਚ ਅਜਿਹਾ ਹੋਣਾ ਚਾਹੀਦਾ ਹੈ।  ਮੇਰਾ ਮੰਨਣਾ ਹੈ ਕਿ ਜਦੋਂ ਤਕ ਖਿਡਾਰੀ ਆਵਾਜ਼ ਨਹੀਂ ਉਠਾਉਣਗੇ ਤਦ ਤਕ ਦੇਸ਼ ਵਿਚ ਖੇਡਾਂ ਵਿਚ ਤਰੱਕੀ ਨਹੀਂ ਹੋ ਸਕੇਗੀ। ਜਦੋਂ ਵੀ ਖੇਡ ਨਾਲ ਕੁਝ ਗਲਤ ਹੁੰਦਾ ਹੈ ਤਾਂ ਮੈਂ ਹਮੇਸ਼ਾ ਆਵਾਜ਼ ਉਠਾਉਂਦਾ ਹਾਂ।