ਪਿਕ ਦੇ ਗੋਲ ਨਾਲ ਬਾਰਸੀਲੋਨਾ ਨੇ ਰੀਆਲ ਮੈਡ੍ਰਿਡ ਨੂੰ ਹਰਾਇਆ

07/30/2017 12:27:27 PM

ਮਿਆਮੀ— ਗੇਰਾਰਡ ਪਿਕ ਦੇ ਫੈਸਲਾਕੁੰਨ ਗੋਲ ਦੀ ਮਦਦ ਨਾਲ ਬਾਰਸੀਲੋਨਾ ਨੇ ਐੱਲ ਕਲਾਸਿਕੋ ਮਿਆਮੀ ਦੇ ਰੋਮਾਂਚ ਨਾਲ ਭਰੇ ਮੈਚ ਵਿਚ ਰੀਆਲ ਮੈਡ੍ਰਿਡ ਨੂੰ 3-2 ਨਾਲ ਹਰਾਇਆ। ਸਪੇਨ ਦੇ ਇਸ ਕੌਮਾਂਤਰੀ ਫੁੱਟਬਾਲਰ ਨੇ ਹਾਰਡ ਰਾਕ ਸਟੇਡੀਅਮ 'ਚ 66,014 ਦਰਸ਼ਕਾਂ ਦੇ ਸਾਹਮਣੇ 50ਵੇਂ ਮਿੰਟ 'ਚ ਨੇਮਾਰ ਦੀ ਫ੍ਰੀ ਕਿਕ 'ਤੇ ਗੋਲ ਕੀਤਾ ਜੋ ਅੰਤ 'ਚ ਨਿਰਣਾਇਕ ਸਾਬਤ ਹੋਇਆ। ਲਿਓਨਿਲ ਮੇਸੀ ਨੇ ਆਪਣੀ ਪ੍ਰਸਿੱਧੀ ਦੇ ਮੁਤਾਬਕ ਫਿਰ ਤੋਂ ਸ਼ਾਨਦਾਰ ਖੇਡ ਦਿਖਾਈ। ਉਨ੍ਹਾਂ ਤੀਜੇ ਮਿੰਟ 'ਚ ਹੀ ਗੋਲ ਕਰਕੇ ਰੀਆਲ ਮੈਡ੍ਰਿਡ ਨੂੰ ਦਬਅ 'ਚ ਲਿਆ ਦਿੱਤਾ। 

ਇਸ ਤੋਂ ਬਾਅਦ ਇਵਾਨ ਰੈਕੀਟਿਚ ਨੇ ਬਾਰਸੀਲੋਨਾ ਵੱਲੋਂ ਦੂਜਾ ਗੋਲ ਕੀਤਾ। ਇਕ ਸਮੇਂ ਅਜਿਹਾ ਲਗ ਰਿਹਾ ਸੀ ਕਿ ਰੀਆਲ ਦੀ ਟੀਮ ਆਸਾਨੀ ਨਾਲ ਮੈਚ ਗੁਆ ਦੇਵੇਗੀ ਕਿਉਂਕਿ ਸ਼ੁਰੂ 'ਚ ਉਸ ਦੀ ਖੇਡ ਕੁਝ ਢਿੱਲੀ ਸੀ। ਜਿਨੇਦਿਨ ਜਿਦਾਨ ਦੀ ਟੀਮ ਨੇ ਹਾਲਾਂਕਿ ਛੇਤੀ ਹੀ ਖੁਦ ਨੂੰ ਸੰਭਾਲਿਆ ਅਤੇ ਪਹਿਲੇ ਹਾਫ ਦੇ ਆਖਰੀ ਪਲਾਂ 'ਚੋ ਗੋਲ ਕਰਕੇ ਮੈਚ ਨੂੰ ਬਰਾਬਰੀ 'ਤੇ ਲਿਆ ਦਿੱਤਾ। ਉਸ ਵੱਲੋਂ ਮਾਟੇਓ ਕੋਵਾਸਿਚ ਅਤੇ ਮਾਰਕੋ ਅਸੇਨਸੀਓ ਨੇ ਗੋਲ ਕੀਤੇ। ਇਹ ਦੋਸਤਾਨਾ ਮੈਚ ਜਦੋਂ ਰੋਮਾਂਚ ਦੇ ਸਿਖਰ ਵੱਲ ਵਧ ਰਿਹਾ ਸੀ ਤਦ ਪਿਕ ਨੇ ਫੈਸਲਾਕੁੰਨ ਗੋਲ ਕਰ ਦਿੱਤਾ।