CWC 2019 : ਜਿੱਤ ਨਾਲ ਵਾਪਸੀ ਕਰਨ ਦੀ ਕੋਸ਼ਿਸ਼ ਕਰਨਗੇ ਬੰਗਲਾਦੇਸ਼ ਅਤੇ ਵਿੰਡੀਜ਼

06/17/2019 1:22:50 AM

ਟਾਂਟਨ— ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ ਵਿਚ ਵੱਡਾ ਉਲਟਫੇਰ ਕਰ ਚੁੱਕੀਆਂ ਬੰਗਲਾਦੇਸ਼ ਤੇ ਵੈਸਟਇੰਡੀਜ਼ ਦੀਆਂ ਟੀਮਾਂ ਸੋਮਵਾਰ ਨੂੰ ਜਦੋਂ ਆਪਸ ਵਿਚ ਖੇਡਣਗੀਆਂ ਤਾਂ ਦੋਵਾਂ ਦੀਆਂ ਨਜ਼ਰਾਂ ਜਿੱਤ ਦੇ ਨਾਲ ਟੂਰਨਾਮੈਂਟ ਵਿਚ ਵਾਪਸੀ ਕਰਨ 'ਤੇ ਲੱਗੀਆਂ ਹੋਣਗੀਆਂ।
ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਦੋਵਾਂ ਟੀਮਾਂ ਨੇ ਜਿੱਤ ਦੇ ਦਾਅਵੇ ਕੀਤੇ ਸਨ ਪਰ ਅਜਿਹਾ ਕਰ ਸਕਣ 'ਚ ਅਸਫਲ ਰਹੀਆਂ ਹਨ। ਹਾਲਾਂਕਿ ਦੋਵਾਂ ਟੀਮਾਂ ਨੇ ਹੀ ਆਪਣੇ ਪਹਿਲੇ ਮੁਕਾਬਲੇ ਵਿਚ ਉਲਟਫੇਰ ਕਰ ਕੇ ਟੂਰਨਾਮੈਂਟ ਵਿਚ ਆਪਣੀ ਛਾਪ ਛੱਡਣ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਬਾਅਦ ਇਨ੍ਹਾਂ ਦੋਵਾਂ ਹੀ ਟੀਮਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬੰਗਲਾਦੇਸ਼ ਅਤੇ ਵੈਸਟਇੰਡੀਜ਼ ਦੇ 4-4 ਮੈਚਾਂ ਵਿਚੋਂ ਇਕ ਜਿੱਤ, ਦੋ ਹਾਰ ਅਤੇ ਇਕ ਰੱਦ ਮੈਚ ਦੇ ਨਾਲ ਤਿੰਨ-ਤਿੰਨ ਅੰਕ ਹਨ।
ਇਸ ਮੁਕਾਬਲੇ ਵਿਚ ਭਾਵੇਂ ਹੀ ਵੈਸਟਇੰਡੀਜ਼ ਦੀ ਟੀਮ ਦਾਅਵੇਦਾਰ  ਹੈ ਪਰ ਉਲਟਫੇਰ ਦੀ ਸਮਰੱਥਾ ਰੱਖਣ ਵਾਲੀ ਬੰਗਲਾਦੇਸ਼ ਦੀ ਟੀਮ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਵੈਸਟਇੰਡੀਜ਼ ਦਾ ਪਿਛਲਾ ਮੁਕਾਬਲਾ ਇੰਗਲੈਂਡ ਨਾਲ ਸੀ ਅਤੇ ਉਸ ਦੀ ਬੱਲੇਬਾਜ਼ੀ ਕੁਝ ਖਾਸ ਨਹੀਂ ਕਰ ਰਹੀ ਸੀ। ਹਾਲਾਂਕਿ ਮੱਧਕ੍ਰਮ ਦੇ ਬੱਲੇਬਾਜ਼ ਨਿਕੋਲਸ ਪੂਰਨ ਤੇ ਸ਼ਿਮਰੋਨ ਹੈੱਟਮਾਇਰ ਨੇ ਵਿੰਡੀਜ਼ ਦੀ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਪੂਰਨ ਦੇ ਆਊਟ ਹੋਣ ਤੋਂ ਬਾਅਦ ਟੀਮ ਦਾ ਕੋਈ ਬੱਲੇਬਾਜ਼ ਚਮਤਕਾਰ ਕਰ ਸਕਣ ਵਿਚ ਅਸਫਲ ਰਿਹਾ ਅਤੇ ਵਿੰਡੀਜ਼ ਦੀ ਪਾਰੀ 44.4 ਓਵਰਾਂ ਵਿਚ ਹੀ 212 ਦੇ ਸਕੋਰ 'ਤੇ ਸਿਮਟ ਗਈ ਸੀ।
ਵੈਸਟਇੰਡੀਜ਼ ਦੀ ਬੱਲੇਬਾਜ਼ੀ ਤੋਂ ਇਲਾਵਾ ਗੇਂਦਬਾਜ਼ੀ ਵੀ ਕੁਝ ਖਾਸ ਨਹੀਂ ਰਹੀ ਅਤੇ ਉਸ ਦੇ ਗੇਂਦਬਾਜ਼ ਟੀਮ ਨੂੰ ਮੁਕਾਬਲੇ ਵਿਚ ਵਾਪਸ ਲਿਆਉਣ ਵਿਚ ਅਸਫਲ ਰਹੇ। ਵਿੰਡੀਜ਼ ਨੂੰ ਬੰਗਲਾਦੇਸ਼ ਵਿਰੁੱਧ ਦੋਵਾਂ ਹੀ ਵਿਭਾਗਾਂ ਵਿਚ ਆਪਣੇ ਪ੍ਰਦਰਸ਼ਨ ਨੂੰ ਸੁਧਾਰਨ ਦੀ ਲੋੜ ਹੈ। ਇਸ ਦੇ ਬੱਲੇਬਾਜ਼ਾਂ ਨੂੰ ਕ੍ਰੀਜ਼ 'ਤੇ ਟਿਕ ਕੇ ਵੱਡੀਆਂ ਸਾਂਝੇਦਾਰੀਆਂ ਬਣਾਉਣ ਅਤੇ ਟੀਮ ਨੂੰ ਮਜ਼ਬੂਤ ਸਕੋਰ 'ਤੇ ਲਿਜਾਣ ਦੀ ਜ਼ਿੰਮੇਵਾਰੀ ਹੋਵੇਗੀ।
ਬੰਗਲਾਦੇਸ਼ ਲਈ ਚੰਗੀ ਗੱਲ ਇਹ ਹੈ ਕਿ ਵਿਸ਼ਵ ਦਾ ਨੰਬਰ ਇਕ ਆਲਰਾਊਂਡਰ ਸ਼ਾਕਿਬ ਅਲ ਹਸਨ ਚੰਗੀ ਫਾਰਮ ਵਿਚ ਚੱਲ ਰਿਹਾ ਹੈ ਅਤੇ ਲਗਾਤਾਰ ਵੱਡੀਆਂ ਪਾਰੀਆਂ ਖੇਡ ਰਿਹਾ ਹੈ। ਹਾਲਾਂਕਿ ਬੰਗਲਾਦੇਸ਼ ਦੀ ਸਲਾਮੀ ਜੋੜੀ 'ਤੇ ਚੰਗੀ ਸ਼ੁਰੂਆਤ ਦਿਵਾਉਣ ਦੀ ਜ਼ਿੰਮੇਵਾਰੀ ਹੋਵੇਗੀ, ਜਦਕਿ ਮੱਧਕ੍ਰਮ ਨੂੰ ਵਧੀਆ ਬੱਲੇਬਾਜ਼ੀ ਕਰਦੇ ਹੋਏ ਟੀਮ ਨੂੰ ਮਜ਼ਬੂਤ ਸਕੋਰ ਤਕ ਲਿਜਾਣਾ ਪਵੇਗਾ।

Gurdeep Singh

This news is Content Editor Gurdeep Singh