ਬਜਰੰਗ ਨੇ ਜਿੱਤਿਆ ਸੋਨਾ, ਰਾਣਾ ਨੂੰ ਕਰਨਾ ਪਿਆ ਚਾਂਦੀ ਨਾਲ ਸਬਰ

04/23/2019 9:12:24 PM

ਨਵੀਂ ਦਿੱਲੀ— ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਨੇ ਆਪਣੀ ਸ੍ਰੇਸ਼ਠਤਾ ਬਰਕਰਾਰ ਰੱਖਦੇ ਹੋਏ ਚੀਨ 'ਚ ਚੱਲ ਰਹੀ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੇ 65 ਕਿਲੋਗ੍ਰਾਮ ਫ੍ਰੀ ਸਟਾਈਲ ਵਰਗ ਵਿਚ ਮੰਗਲਵਾਰ ਸੋਨ ਤਮਗਾ ਜਿੱਤ ਲਿਆ, ਜਦਕਿ ਪ੍ਰਵੀਨ ਰਾਣਾ ਨੂੰ 79 ਕਿਲੋਗ੍ਰਾਮ ਵਿਚ ਚਾਂਦੀ ਤੇ ਸਤਿਆਵ੍ਰਤ ਕਾਦਿਆਨ ਨੂੰ 97 ਕਿ. ਗ੍ਰਾ. ਵਿਚ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ।
ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਤੇ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਬਜਰੰਗ ਨੇ ਫਾਈਨਲ ਵਿਚ ਕਜ਼ਾਕਿਸਤਾਨ ਦੇ ਸਯਾਤਬੇਕ ਓਕਾਸੋਵ ਨੂੰ 12-7 ਨਾਲ ਹਰਾਇਆ। ਬਜਰੰਗ ਦੇ ਸੋਨਾ ਜਿੱਤਦੇ ਹੀ ਉਸ ਦੇ ਹਰਿਆਣਾ ਦੇ ਸੋਨੀਪਤ ਸਥਿਤ ਯੋਗੇਸ਼ਵਰ ਦੱਤ ਅਖਾੜੇ 'ਚ ਖੁਸ਼ੀ ਦੀ ਲਹਿਰ ਦੌੜ ਗਈ। ਬਜਰੰਗ ਦੇ ਗੁਰੂ ਯੋਗੇਸ਼ਵਰ ਤੇ ਅਖਾੜੇ ਦੇ ਕੋਚ ਦ੍ਰੋਣਾਚਾਰੀਆ ਐਵਾਰਡੀ ਰਾਮਫਲ ਨੇ ਬਜਰੰਗ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ ਹੈ। ਵਿਸ਼ਵ ਦੇ ਨੰਬਰ ਇਕ ਪਹਿਲਵਾਨ ਬਜੰਰਗ ਨੇ ਮੁਕਾਬਲੇ ਵਿਚ ਸ਼ਾਨਦਾਰ ਵਾਪਸੀ ਕਰਦਿਆਂ ਜਿੱਤ ਹਾਸਲ ਕੀਤੀ। ਉਹ ਪਹਿਲੇ ਰਾਊਂਡ 'ਚ 2-5 ਨਾਲ ਪਿਛੜ ਗਿਆ ਸੀ ਪਰ ਉਸ ਨੇ ਧਮਾਕੇਦਾਰ ਵਾਪਸੀ ਕਰਦਿਆਂ 12-7 ਨਾਲ ਮੈਚ ਜਿੱਤ ਲਿਆ। ਬਜਰੰਗ ਨੇ 2017 'ਚ ਦਿੱਲੀ ਵਿਚ ਇਹ ਖਿਤਾਬ ਜਿੱਤਿਆ ਸੀ, ਜਦਕਿ ਅਗਲੇ ਸਾਲ ਬਿਸਕੇਕ ਵਿਚ ਉਸ ਨੂੰ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ ਸੀ। ਉਸ ਨੇ ਇਸ ਵਾਰ ਫਾਈਨਲ 'ਚ ਏਸ਼ੀਆਈ ਖੇਡਾਂ ਦੇ ਕਾਂਸੀ ਤਮਗਾ ਜੇਤੂ ਓਕਾਸੋਵ ਨੂੰ ਹਰਾਇਆ। 
79 ਕਿ. ਗ੍ਰਾ. ਵਿਚ ਪ੍ਰਵੀਨ ਰਾਣਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਫਾਈਨਲ ਵਿਚ ਜਗ੍ਹਾ ਬਣਾ ਲਈ ਪਰ ਉਸ ਨੂੰ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਰਾਣਾ ਨੂੰ ਫਾਈਨਲ ਵਿਚ ਬਹਿਮਨ ਮੁਹੰਮਦ ਤੈਮੂਰੀ ਹੱਥੋਂ 0-3 ਨਾਲ ਹਾਰ ਮਿਲੀ। ਭਾਰਤ ਦੇ ਸਤਿਆਵ੍ਰਤ ਕਾਦਿਆਨ 97 ਕਿ. ਗ੍ਰਾ. ਵਰਗ ਦੇ ਕਾਂਸੀ ਤਮਗਾ ਮੁਕਾਬਲੇ ਵਿਚ ਪਹੁੰਚਿਆ ਤੇ ਉਸ ਨੇ ਚੀਨ ਦੇ ਹਾਓਬਿਨ ਗਾਓ ਨੂੰ 8-2 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ, ਜਦਕਿ ਰਵੀ ਕੁਮਾਰ ਨੇ 57 ਕਿ. ਗ੍ਰਾ. ਵਰਗ ਵਿਚ ਰੇਪਚੇਜ਼ ਵਿਚ ਤਾਈਪੇ ਦੇ ਚਿਯਾ ਸੋ ਲਿਊ ਨੂੰ 4-0 ਨਾਲ ਹਰਾ ਕੇ ਕਾਂਸੀ ਤਮਗਾ ਮੁਕਾਬਲੇ ਵਿਚ ਜਗ੍ਹਾ ਬਣਾਈ, ਜਿਥੇ ਉਸ ਨੂੰ ਈਰਾਨ ਦੇ ਯੋਨੇਸ ਓਲੀਯਕਬਾਰ ਹੱਥੋਂ 0-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

Gurdeep Singh

This news is Content Editor Gurdeep Singh