ਰਾਜੀਵ ਗਾਂਧੀ ਖੇਲ ਰਤਨ ਐਵਾਰਡ ਲਈ ਬਜਰੰਗ ਅਤੇ ਵਿਨੇਸ਼ ਦੇ ਨਾਂ ਦੀ ਸਿਫਾਰਸ਼

04/29/2019 3:12:58 PM

ਨਵੀਂ ਦਿੱਲੀ— ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਨੇ ਹਾਲ ਹੀ 'ਚ ਏਸ਼ੀਆਈ ਚੈਂਪੀਅਨ ਬਣੇ ਬਜਰੰਗ ਪੂਨੀਆ ਅਤੇ ਪਿਛਲੇ ਸਾਲ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਵਿਨੇਸ਼ ਫੋਗਾਟ ਨੂੰ ਦੇਸ਼ ਦੇ ਸਰਵਉੱਚ ਖੇਡ ਪੁਰਸਕਾਰ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਦੇਣ ਦੀ ਸਿਫਾਰਸ਼ ਕੀਤੀ ਹੈ। ਡਬਲਿਊ.ਐੱਫ.ਆਈ. ਨੇ ਸੋਮਵਾਰ ਨੂੰ ਬਜਰੰਗ ਅਤੇ ਵਿਨੇਸ਼ ਦੇ ਨਾਂ ਪਿਛਲੇ ਦੋ ਸਾਲਾਂ 'ਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਇਸ ਐਵਾਰਡ ਲਈ ਭੇਜੇ ਹਨ। ਡਬਲਿਊ.ਐੱਫ.ਆਈ. ਅਧਿਕਾਰੀ ਨੇ ਕਿਹਾ, ''ਇਨ੍ਹਾਂ ਦੋਹਾਂ (ਬਜਰੰਗ ਅਤੇ ਵਿਨੇਸ਼) ਨੇ ਆਪਣੀਆਂ ਬੇਨਤੀਆਂ ਕੀਤੀਆਂ ਸਨ ਜਿਸ ਤੋਂ ਬਾਅਦ ਡਬਲਿਊ.ਐੱਫ.ਆਈ. ਨੇ ਉਨ੍ਹਾਂ ਨੂੰ ਖੇਡ ਰਤਨ ਐਵਾਰਡ ਦੇਣ ਦੀ ਸਿਫਾਰਸ਼ ਕੀਤੀ ਹੈ।''

ਵਿਸ਼ਵ 'ਚ ਨੰਬਰ ਇਕ ਬਜਰੰਗ ਨੇ ਹਾਲ ਹੀ 'ਚ ਸ਼ੀਆਨ 'ਚ ਏਸ਼ੀਆਈ ਚੈਂਪੀਅਨਸ਼ਿਪ 'ਚ ਪੁਰਸ਼ਾਂ ਦੇ 65 ਕਿਲੋਗ੍ਰਾਮ ਭਾਰ ਵਰਗ 'ਚ ਸੋਨ ਤਮਗਾ ਜਿੱਤਿਆ ਸੀ। ਇਸ 25 ਸਾਲਾ ਪਹਿਲਵਾਨ ਨੇ ਪਿਛਲੇ ਸਾਲ ਜਕਾਰਤਾ 'ਚ ਏਸ਼ੀਆਈ ਖੇਡਾਂ 'ਚ ਵੀ ਸੋਨ ਤਮਗਾ ਜਿੱਤਿਆ ਸੀ। ਵਿਨੇਸ਼ ਏਸ਼ੀਆਈ ਚੈਂਪੀਅਨਸ਼ਿਪ 'ਚ ਸਿਰਫ ਕਾਂਸੀ ਦਾ ਤਮਗਾ ਹੀ ਜਿੱਤ ਸਕੀ ਸੀ ਪਰ ਉਹ ਨਵੇਂ ਭਾਰ ਵਰਗ 53 ਕਿਲੋਗ੍ਰਾਮ 'ਚ ਲੜ ਰਹੀ ਸੀ ਅਤੇ ਇਸ ਲਈ ਇਸ ਨੂੰ ਚੰਗੀ ਉਪਲਬਧੀ ਮੰਨਿਆ ਜਾ ਰਿਹਾ ਹੈ। ਉਹ 2018 'ਚ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਸੀ। ਬਜਰੰਗ ਅਤੇ ਵਿਨੇਸ਼ ਤੋਂ ਇਲਾਵਾ ਡਬਲਿਊ.ਐੱਫ.ਆਈ. ਨੇ ਰਾਹੁਲ ਅਵਾਰੇ, ਹਰਪ੍ਰੀਤ ਸਿੰਘ, ਦਿਵਿਆ ਕਾਕਰਾਨ ਅਤੇ ਪੂਜਾ ਢਾਂਡਾ ਦੇ ਨਾਂ ਅਰਜੁਨ ਐਵਾਰਡ ਲਈ ਭੇਜੇ ਹਨ।

Tarsem Singh

This news is Content Editor Tarsem Singh