ਬਜਰੰਗ ਨੂੰ ਵਿਸ਼ਵ ਚੈਂਪੀਅਨਸ਼ਿਪ ''ਚ ਚੋਟੀ ਦਰਜਾ

09/06/2019 1:25:16 AM

ਨਵੀਂ ਦਿੱਲੀ- ਭਾਰਤ ਦੀ ਟੋਕੀਓ ਓਲੰਪਿਕ ਵਿਚ ਕੁਸ਼ਤੀ ਮੁਕਾਬਲਿਆਂ ਵਿਚ ਤਮਗੇ ਦੀ ਸਭ ਤੋਂ ਵੱਡੀ ਉਮੀਦ ਬਜਰੰਗ ਪੂਨੀਆ ਨੂੰ ਕਜ਼ਾਕਿਸਤਾਨ ਦੇ ਨੂਰ ਸੁਲਤਾਨ ਵਿਚ 14 ਸਤੰਬਰ ਤੋਂ ਸ਼ੁਰੂ ਹੋ ਰਹੀ ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ ਦੇ 65 ਕਿ. ਗ੍ਰਾ. ਫ੍ਰੀ ਸਟਾਈਲ ਵਰਗ ਵਿਚ ਚੋਟੀ ਦਾ ਦਰਜਾ ਦਿੱਤਾ ਗਿਆ ਹੈ। ਵਿਸ਼ਵ ਚੈਂਪੀਅਨਸ਼ਿਪ ਵਿਚ ਉਤਰ ਰਹੇ ਹੋਰਨਾਂ ਭਾਰਤੀ ਪਹਿਲਵਾਨਾਂ ਵਿਚ ਰਾਹੁਲ ਅਵਾਰੇ ਨੂੰ 61 ਕਿ. ਗ੍ਰਾ. ਵਿਚ ਦੂਜਾ ਦਰਜਾ, ਦੀਪਕ ਨੂੰ 86 ਕਿ. ਗ੍ਰਾ. ਵਿਚ ਚੌਥਾ ਦਰਜਾ ਤੇ ਸੀਮਾ ਨੂੰ 50 ਕਿ. ਗ੍ਰਾ. ਵਿਚ ਦੂਜਾ ਦਰਜਾ ਮਿਲਿਆ ਹੈ। ਵਿਸ਼ਵ ਚੈਂਪੀਅਨਸ਼ਿਪ 14 ਤੋਂ 22 ਸਤੰਬਰ ਤਕ ਹੋਵੇਗੀ ਤੇ ਇਸਦੀ ਸ਼ੁਰੂਆਤ ਗ੍ਰੀਕੋ ਰੋਮਨ ਮੁਕਾਬਲਿਆਂ ਨਾਲ ਹੋਵੇਗੀ। 9 ਦਿਨ ਚੱਲਣ ਵਾਲੀ ਇਸ ਪ੍ਰਤੀਯੋਗਿਤਾ ਵਿਚ 101 ਦੇਸ਼ਾਂ 'ਚੋਂ ਲਗਭਗ 1000 ਪਹਿਲਵਾਨ ਗ੍ਰੀਕੋ ਰੋਮਨ, ਪੁਰਸ਼ ਫ੍ਰੀ ਸਟਾਈਲ ਤੇ ਮਹਿਲਾ ਮੁਕਾਬਲਿਆਂ ਵਿਚ ਉਤਰਨਗੇ।
ਰਾਸ਼ਟਰ ਮੰਡਲ ਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਪਹਿਲਵਾਨ ਬਜਰੰਗ ਨੇ 2018 ਵਿਚ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਤਮਗਾ ਜਿੱਤਿਆ ਸੀ ਤੇ ਇਸ ਵਾਰ ਉਹ ਆਪਣੇ ਤਮਗੇ ਦਾ ਰੰਗ ਬਦਲਣ ਦੇ ਨਾਲ-ਨਾਲ ਟੋਕੀਓ ਓਲੰਪਿਕ ਦੀ ਟਿਕਟ ਹਾਸਲ ਕਰਨ ਦੇ ਟੀਚੇ ਨਾਲ ਉਤਰੇਗਾ। ਬਜਰੰਗ ਦਾ ਟੀਚਾ ਸੁਸ਼ੀਲ ਦੇ 2010 ਦੇ ਇਤਿਹਾਸ ਨੂੰ ਦੁਹਰਾਉਣਾ ਤੇ ਵਿਸ਼ਵ ਚੈਂਪੀਅਨਸ਼ਿਪ ਵਿਚ ਸੁਸ਼ੀਲ ਤੋਂ ਬਾਅਦ ਸੀਨੀਅਰ ਪੱਧਰ 'ਤੇ ਸੋਨ ਤਮਗਾ ਜਿੱਤਣ ਵਾਲਾ ਦੂਜਾ ਪਹਿਲਵਾਨ ਬਣਨਾ ਹੈ।
ਵਿਸ਼ਵ ਚੈਂਪੀਅਨਸ਼ਿਪ 'ਚ ਬਜਰੰਗ ਦਾ ਪ੍ਰਦਰਸ਼ਨ
ਵਿਦੇਸ਼ੀ ਪਹਿਲਵਾਨਾਂ ਦੇ ਨਾਲ ਟ੍ਰੇਨਿੰਗ ਨਾਲ ਮੇਰੀ ਤਿਆਰੀ ਮਜ਼ਬੂਤ ਹੋਈ ਹੈ। ਮੈਂ ਜਾਣਦਾ ਹਾਂ ਕਿ ਮੇਰੇ ਭਾਰ ਵਰਗ ਦੇ ਪਹਿਲਵਾਨਾਂ ਦੀ ਤਿਆਰੀ ਕਿਹੋ ਜਿਹੀ ਹੈ ਤੇ ਉਹ ਕਿਸ ਤਰ੍ਹਾਂ ਲੜਦੇ ਹਨ। ਇਸ ਟ੍ਰੇਨਿੰਗ ਨੇ ਮੈਨੂੰ ਆਤਮਵਿਸ਼ਵਾਸ ਦਿੱਤਾ ਹੈ ਕਿ ਮੈਂ ਆਪਣੇ ਤਮਗੇ ਦਾ ਰੰਗ ਬਦਲਾਂ ਤੇ ਓਲੰਪਿਕ ਲਈ ਵੀ ਕੁਆਲੀਫਾਈ ਕਰਾਂ।''
9 ਸਾਲ ਬਾਅਦ ਵਾਪਸੀ ਕਰੇਗਾ ਸੁਸ਼ੀਲ ਕੁਮਾਰ
ਦੋ ਵਾਰ ਦਾ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ (74 ਕਿ. ਗ੍ਰਾ.) 9 ਸਾਲ ਦੇ ਫਰਕ ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ ਵਿਚ ਵਾਪਸੀ ਕਰ ਰਿਹਾ ਹੈ। ਸੁਸ਼ੀਲ ਨੇ 2010 ਵਿਚ ਮਾਸਕੋ ਵਿਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਿਆ ਸੀ ਤੇ ਉਹ ਉਸੇ ਇਤਿਹਾਸ ਨੂੰ ਇਸ ਵਾਰ ਦੁਹਰਾਉਣ ਦੀ ਕੋਸ਼ਿਸ਼ ਕਰੇਗਾ। ਸੁਸ਼ੀਲ ਨੇ ਟ੍ਰਾਇਲ ਜਿੱਤ ਕੇ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਸੀ ਤੇ ਉਸਦਾ ਅਗਲਾ ਟੀਚਾ ਇਸ ਪ੍ਰਤੀਯੋਗਿਤਾ ਤੋਂ ਓਲੰਪਿਕ ਲਈ ਕੁਆਲੀਫਾਈ ਕਰਨਾ ਹੈ।
ਭਾਰਤੀ ਦਲ ਇਸ ਤਰ੍ਹਾਂ ਹੈ—
ਫ੍ਰੀ ਸਟਾਈਲ- ਰਵੀ ਕੁਮਾਰ (57 ਕਿ. ਗ੍ਰਾ.), ਰਾਹੁਲ ਅਵਾਰੇ (61ਕਿ. ਗ੍ਰਾ.), ਬਜਰੰਗ ਪੂਨੀਆ (65 ਕਿ. ਗ੍ਰਾ.), ਕਰੁਣ (70 ਕਿ. ਗ੍ਰਾ.), ਸੁਸ਼ੀਲ ਕੁਮਾਰ (74 ਕਿ. ਗ੍ਰਾ.), ਜਤਿੰਦਰ (79 ਕਿ. ਗ੍ਰਾ.), ਦੀਪਕ ਪੂਨੀਆ (86 ਕਿ. ਗ੍ਰਾ.), ਪਰਵੀਨ (92 ਕਿ. ਗ੍ਰਾ.), ਮੌਸਮ ਖੱਤਰੀ (97 ਕਿ. ਗ੍ਰਾ.), ਤੇ ਸੁਮਿਤ (125 ਕਿ. ਗ੍ਰਾ.)।
ਮਹਿਲਾ— ਸੀਮਾ (50 ਕਿ. ਗ੍ਰਾ.), ਵਿਨੇਸ਼ (53 ਕਿ. ਗ੍ਰਾ.), ਲਲਿਤਾ (55 ਕਿ. ਗ੍ਰਾ.), ਸਰਿਤਾ (57 ਕਿ. ਗ੍ਰਾ.), ਪੂਜਾ ਢਾਂਡਾ (59 ਕਿ. ਗ੍ਰਾ.), ਸਾਕਸ਼ੀ ਮਲਿਕ (62 ਕਿ. ਗ੍ਰਾ.), ਨਵਜੋਤ ਕੌਰ (65 ਕਿ. ਗ੍ਰਾ.), ਦਿਵਿਆ ਕਾਕਰਾਨ (68 ਕਿ. ਗ੍ਰਾ.), ਕੋਮਲ ਭਗਵਾਨ ਗੋਲੇ (72 ਕਿ. ਗ੍ਰਾ.) ਤੇ ਕਿਰਣ (76 ਕਿ. ਗ੍ਰਾ.)।
ਗ੍ਰੀਕੋ ਰੋਮਨ - ਮਨਜੀਤ (55 ਕਿ. ਗ੍ਰਾ.), ਮਨੀਸ਼ (60 ਕਿ. ਗ੍ਰਾ.), ਸਾਗਰ (63 ਕਿ. ਗ੍ਰਾ.), ਮਨੀਸ਼ (67 ਕਿ. ਗ੍ਰਾ.), ਯੋਗੇਸ਼ (72 ਕਿ. ਗ੍ਰਾ.), ਗੁਰਪ੍ਰੀਤ ਸਿੰਘ (77 ਕਿ. ਗ੍ਰਾ.), ਹਰਪ੍ਰੀਤ ਸਿੰਘ (82 ਕਿ. ਗ੍ਰਾ.), ਸੁਨੀਲ ਕੁਮਾਰ (87 ਕਿ. ਗ੍ਰਾ.), ਰਵੀ (97) ਤੇ ਨਵੀਨ (130 ਕਿ. ਗ੍ਰਾ.)।

Gurdeep Singh

This news is Content Editor Gurdeep Singh