ਬੈਡਮਿੰਟਨ ਸਟਾਰ ਕਸ਼ਿਅਪ, ਪ੍ਰਣਯ ਤੇ ਸਿੱਕੀ ਪਾਸਪੋਰਟ ਨਾ ਮਿਲਣ ਕਾਰਨ ਪਰੇਸ਼ਾਨ

07/04/2017 8:52:58 PM

ਨਵੀਂ ਦਿੱਲੀ— ਪਾਰੂਪੱਲੀ ਕਸ਼ਿਅਪ ਅਤੇ ਐੱਚ. ਐੱਸ. ਪ੍ਰਣਯ ਸਮੇਤ ਚੋਟੀ ਦੇ ਸ਼ਟਲਰ ਕੈਨੇਡਾ ਅਤੇ ਅਮਰੀਕਾ 'ਚ ਆਗਾਮੀ ਟੂਰਨਾਮੈਂਟ 'ਚ ਹਿੱਸਾ ਲੈਣ ਲਈ ਅਜੇ ਆਪਣੇ ਪਾਸਪੋਰਟ ਦਾ ਇੰਤਜ਼ਾਰ ਕਰ ਰਹੇ ਹਨ। ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਕਸ਼ਿਅਪ, ਪ੍ਰਣਯ ਅਤੇ ਡਬਲ ਮਾਹਿਰ ਐੱਨ. ਸਿੱਕੀ ਨੇ ਇਕ ਹਫਤਾ ਪਹਿਲਾਂ ਨਿਊਜ਼ੀਲੈਂਡ ਦੇ ਵੀਜ਼ੇ ਲਈ ਅਰਜ਼ੀ ਦਿੱਤੀ ਸੀ ਪਰ ਉਨ੍ਹਾਂ ਨੂੰ ਹੁਣ ਤੱਕ ਵੀ ਆਪਣੇ ਪਾਸਪੋਰਟ ਦਾ ਇੰਤਜ਼ਾਰ ਹੈ।
ਕਸ਼ਿਅਪ ਨੇ ਅੱਜ ਟਵਿੱਟਰ ਦੇ ਜ਼ਰੀਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਖੇਡ ਮੰਤਰੀ ਗੋਇਲ ਨਾਲ ਇਸ ਮਾਮਲੇ 'ਤੇ ਗੌਰ ਕਰਨ ਲਈ ਕਿਹਾ ਤਾਂ ਜੋ ਉਨ੍ਹਾਂ ਨੂੰ ਅਗਲੇ ਹਫਤੇ ਕੈਨੇਡਾ 'ਚ ਖੇਡਣ ਦਾ ਮੌਕਾ ਨਾ ਗੁਆਉਣ ਪਵੇ। ਕਸ਼ਿਅਪ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ ਕਿ ਡੀਅਰ ਮੈਡਮ, ਮੈਂ, ਪ੍ਰਣਯ ਅਤੇ ਸਿੱਕੀ ਰੇੱਡੀ ਨੇ ਇਕ ਹਫਤੇ ਪਹਿਲਾਂ ਨਿਊਜ਼ੀਲੈਂਡ ਦੇ ਵੀਜ਼ੇ ਲਈ ਅਰਜ਼ੀ ਦਿੱਤੀ ਸੀ ਅਤੇ ਜ਼ਲਦ ਤੋਂ ਜ਼ਲਦ ਵੀਜ਼ਾ ਦੇਣ ਦੀ ਅਪੀਲ ਕੀਤੀ ਸੀ।
ਉਨ੍ਹਾਂ ਨੇ ਲਿਖਿਆ ਕਿ ਅਸੀਂ ਕੈਨੇਡਾ ਅਤੇ ਯੂ. ਐੱਸ. ਓਪਨ ਲਈ 6 ਜੁਲਾਈ ਨੂੰ ਰਵਾਨਾ ਹੋਣਾ ਹੈ ਅਤੇ ਇਸ ਲਈ ਸਾਨੂੰ ਤੁਰੰਤ ਆਪਣੇ ਪਾਸਪੋਰਟ ਚਾਹੀਦੇ ਹਨ। ਮੈਡਮ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਸ ਮਾਮਲੇ 'ਚ ਸਾਡੀ ਸਹਾਇਤਾ ਕਰੋ ਤਾਂ ਕਿ ਅਸੀਂ 6 ਜੁਲਾਈ ਨੂੰ ਯਾਤਰਾ ਕਰ ਸਕੀਏ। ਕੈਨੇਡਾ ਓਪਨ ਗ੍ਰਾਂ ਪ੍ਰੀ 11 ਤੋਂ 16 ਜੁਲਾਈ 'ਚ ਜਦਕਿ ਯੂ. ਐਸ. ਓਪਨ ਗ੍ਰਾਂ ਪ੍ਰੀ ਗੋਲਡ 19 ਤੋਂ 23 ਜੁਲਾਈ ਵਿਚਾਲੇ ਹੋਵੇਗਾ।