ਬੈਡਮਿੰਟਨ ਦੀ ਨਵੀਂ ਸੁਪਰ ਪਾਵਰ ਬਣ ਰਿਹੈ ਭਾਰਤ  : ਸਿੰਧੂ-ਸਾਇਨਾ

09/01/2017 12:49:45 AM

ਨਵੀਂ ਦਿੱਲੀ— ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਤਮਗਾ ਜਿੱਤਣ ਵਾਲੀ ਪੀ. ਵੀ. ਸਿੰਧੂ ਤੇ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਨੇ ਕੇਂਦਰੀ ਖੇਡ ਮੰਤਰੀ ਵਿਜੇ ਗੋਇਲ ਵਲੋਂ ਇੱਥੇ ਆਯੋਜਿਤ ਸਨਮਾਨ ਸਮਾਰੋਹ ਵਿਚ ਵੀਰਵਾਰ ਨੂੰ ਇਕ ਸੁਰ ਵਿਚ ਕਿਹਾ ਕਿ ਭਾਰਤ ਬੈਡਮਿੰਟਨ ਦੀ ਨਵੀਂ ਸੁਪਰ ਪਾਵਰ ਬਣ ਰਿਹਾ ਹੈ। ਖੇਡ ਮੰਤਰੀ ਗੋਇਲ ਨੇ ਆਪਣੇ ਨਿਵਾਸ 'ਤੇ ਭਾਰਤੀ ਬੈਡਮਿੰਟਨ ਦੀਆਂ ਇਨ੍ਹਾਂ ਦੋਵੇਂ ਧਾਕੜ ਖਿਡਾਰਨਾਂ ਲਈ ਸਨਮਾਨ ਸਮਾਰੋਹ ਆਯੋਜਿਤ ਕੀਤਾ ਸੀ। ਸਮਾਰੋਹ ਵਿਚ ਰਾਸ਼ਟਰੀ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ, ਸਾਇਨਾ ਦੇ ਕੋਚ ਵਿਮਲ ਕੁਮਾਰ ਤੇ ਚੋਟੀ ਦਾ ਪੁਰਸ਼ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਵੀ ਮੌਜੂਦ ਸਨ। ਗੋਇਲ ਨੇ ਸਾਰੇ ਖਿਡਾਰੀਆਂ ਤੇ ਕੋਚਾਂ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ।
ਸਿੰਧੂ ਤੇ ਸਾਇਨਾ ਅਤੇ ਉਨ੍ਹਾਂ ਦੇ ਕੋਚਾਂ ਨੇ ਇਸ ਮੌਕੇ 'ਤੇ ਸਰਕਾਰ ਤੇ ਖਾਸ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧੰਨਵਾਦ ਦਿੰਦਿਆਂ ਕਿਹਾ ਕਿ ਪੀ. ਐੱਮ. ਸਰ ਖੁਦ ਖੇਡਾਂ ਵਿਚ ਬਹੁਤ ਦਿਲਚਸਪੀ ਲੈਂਦੇ ਹਨ ਤੇ ਖਿਡਾਰੀਆਂ ਨੂੰ ਹਮੇਸ਼ਾ ਉਤਸ਼ਾਹਿਤ ਕਰਦੇ ਰਹਿੰਦੇ ਹਨ। ਇਹ ਸਾਡੇ ਸਾਰਿਆਂ ਲਈ ਵੱਡੇ ਮਾਣ ਦੀ ਗੱਲ ਹੈ। ਖਿਡਾਰੀਆਂ ਨੂੰ ਕੋਈ ਟੂਰਨਾਮੈਂਟ ਖੇਡਣ ਤੇ ਚੰਗਾ ਨਤੀਜਾ ਦੇਣ ਤੋਂ ਬਾਅਦ ਜਦੋਂ ਅਜਿਹਾ ਸਨਮਾਨ ਮਿਲਦਾ ਹੈ ਤਾਂ ਉਸਦਾ ਮਨੋਬਲ ਉੱਚਾ ਹੋ ਜਾਂਦਾ ਹੈ।