ਏਸ਼ੀਆਈ ਖੇਡਾਂ ਦੇ ਤਮਗਾ ਜੇਤੂ ਸੁੱਚਾ ਸਿੰਘ ਲਈ ਮਾੜਾ ਰਿਹਾ ਕੋਵਿਡ-19 ਦਾ ਤਜਰਬਾ

08/19/2020 10:53:03 PM

ਨਵੀਂ ਦਿੱਲੀ– ਏਸ਼ੀਆਈ ਖੇਡਾਂ ਦੇ ਤਮਗਾ ਜੇਤੂ ਦੌੜਾਕ ਸੁੱਚਾ ਸਿੰਘ ਕੋਵਿਡ-19 ਤੋਂ ਠੀਕ ਹੋ ਗਏ ਹਨ ਪਰ ਇਲਾਜ਼ ਦੌਰਾਨ ਦਾ ਉਨ੍ਹਾਂ ਦਾ ਤਜਰਬਾ ਬਹੁਤ ਬੁਰਾ ਰਿਹਾ। ਸੁੱਚਾ ਸਿੰਘ ਨੇ ਆਪਣੇ ਨਾਲ ਹੋਏ ਮਾੜੇ ਵਿਵਹਾਰ ਨੂੰ ਅਪਮਾਨਜਨਕ ਕਰਾਰ ਦਿੱਤਾ ਅਤੇ ਕਿਹਾ ਕਿ ਇਕ ਖਿਡਾਰੀ ਜਿਸ ਨੇ ਦੇਸ਼ ਦਾ ਮਾਣ ਵਧਾਇਆ ਹੋਵੇ ਉਸ ਨੂੰ ਵੀ ਉਮਰ ਦੇ ਇਸ ਪੜਾਅ 'ਚ ਇੰਨਾ ਕੁਝ ਸਹਿਣਾ ਪਿਆ ਅਤੇ ਇਥੋਂ ਤੱਕ ਕਿ ਟੈਸਟ ਕਰਵਾਉਣ ਲਈ ਕਈ ਜਗ੍ਹਾ ਚੱਕਰ ਲਾਉਣੇ ਪਏ। ਸੁੱਚਾ ਸਿੰਘ ਨੇ 1970 ਏਸ਼ੀਆਈ ਖੇਡਾਂ 'ਚ 400 ਮੀਟਰ 'ਚ ਕਾਂਸੀ ਤਮਗਾ ਜਿੱਤਿਆ ਸੀ ਅਤੇ ਉਹ 1970 ਅਤੇ 1974 'ਚ 4&400 ਮੀਟਰ ਰਿਲੇਅ 'ਚ ਚਾਂਦੀ ਤਮਗਾ ਜਿੱਤਣ ਵਾਲੀ ਟੀਮ ਦੇ ਮੈਂਬਰ ਸਨ।
ਉਨ੍ਹਾਂ ਨੂੰ 4 ਅਗਸਤ ਨੂੰ ਕੋਰੋਨਾ ਵਾਇਰਸ ਲਈ ਪਾਜ਼ੇਟਿਵ ਪਾਇਆ ਗਿਆ ਸੀ ਪਰ 17 ਅਗਸਤ ਨੂੰ ਦੂਜੇ ਟੈਸਟ 'ਚ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ। 70 ਸਾਲਾ ਸੁੱਚਾ ਸਿੰਘ ਨੇ ਕਿਹਾ ਕਿ ਮੈਨੂੰ ਹਸਪਤਾਲਾਂ ਦਾ ਭੁਗਤਾਨ ਕਰਨ ਲਈ ਆਪਣੇ ਰਿਸ਼ਤੇਦਾਰਾਂ ਤੋਂ ਉਧਾਰ ਲੈਣਾ ਪਿਆ ਤਾਂ ਹੀ ਮੈਨੂੰ ਉਥੋਂ ਛੁੱਟੀ ਮਿਲ ਸਕੀ। ਉਨ੍ਹਾਂ ਕਿਹਾ ਕਿ ਇਹ ਇਕ ਖਿਡਾਰੀ ਲਈ ਅਪਮਾਨਜਨਕ ਹੈ।
 

Gurdeep Singh

This news is Content Editor Gurdeep Singh