ਆਸਟਰੇਲੀਆ ਦੀ ਕਪਤਾਨ ਲੈਨਿੰਗ ICC ਰੈਂਕਿੰਗ ''ਚ ਚੋਟੀ ਸਥਾਨ ''ਤੇ ਪਹੁੰਚੀ

10/08/2020 11:08:57 PM

ਦੁਬਈ : ਆਈ.ਸੀ.ਸੀ. ਦੀ ਨਵੀਂ ਨਵੀਂ ਵਨਡੇ ਰੈਂਕਿੰਗ 'ਚ ਵੀਰਵਾਰ ਨੂੰ ਆਸਟਰੇਲੀਆ ਟੀਮ ਦੀ ਕਪਤਾਨ ਮੇਗ ਲੈਨਿੰਗ ਨੇ ਆਪਣੇ ਕਰੀਅਰ ਦੀ ਸਭ ਤੋਂ ਚੋਟੀ ਦੀ ਰੈਂਕਿੰਗ ਹਾਸਲ ਕਰਦੇ ਹੋਏ ਨੰਬਰ ਇੱਕ ਸਥਾਨ 'ਤੇ ਕਬਜ਼ਾ ਕਰ ਲਿਆ। ਨਿਊਜ਼ੀਲੈਂਡ ਖ਼ਿਲਾਫ਼ ਹਾਲੀਆ ਸੀਰੀਜ਼ 'ਚ ਲੈਨਿੰਗ ਨੇ 3-0 ਨਾਲ ਕਲੀਨ ਸਵੀਪ ਕਰਨ 'ਚ ਅਹਿਮ ਭੂਮਿਕਾ ਨਿਭਾਈ।

ਇਸ ਸੀਰੀਜ਼ ਦੇ ਤਿੰਨਾਂ ਮੈਚ ਜਿੱਤ ਕੇ ਆਸਟਰੇਲੀਆ ਦੀ ਮਹਿਲਾ ਟੀਮ ਨੇ ਰਿੱਕੀ ਪੋਂਟਿੰਗ ਦੀ ਅਗਵਾਈ ਵਾਲੀ ਪੁਰਸ਼ ਟੀਮ ਦੇ ਲਗਾਤਾਰ 21 ਜਿੱਤ ਦੇ ਰਿਕਾਰਡ ਦਾ ਮੁਕਾਬਲਾ ਕਰ ਲਿਆ। 28 ਸਾਲਾ ਲੈਨਿੰਗ ਨੇ ਇਸ ਸੀਰੀਜ਼ ਦੇ ਦੋ ਮੈਚਾਂ 'ਚ 163 ਦੌੜਾਂ ਬਣਾ ਕੇ ਚਾਰ ਸਥਾਨ ਦੀ ਛਲਾਂਗ ਲਗਾਉਂਦੇ ਹੋਏ ਰੈਂਕਿੰਗ 'ਚ ਚੋਟੀ ਦੇ ਸਥਾਨ 'ਤੇ ਕਬਜ਼ਾ ਕਰ ਲਿਆ। ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੀ ਮਹਿਲਾ ਕਪਤਾਨ ਸਟੇਫਨੀ ਟੇਲਰ ਨੰਬਰ ਇੱਕ 'ਤੇ ਕਾਬਜ਼ ਸੀ। ਇਹ ਪੰਜਵਾਂ ਮੌਕਾ ਹੈ ਜਦੋਂ ਲੈਨਿੰਗ ਨੇ ਨੰਬਰ ਇੱਕ ਸਥਾਨ ਹਾਸਲ ਕੀਤਾ ਹੈ।

ਇਸ ਤੋਂ ਪਹਿਲਾਂ ਉਹ ਅਕਤੂਬਰ 2018 'ਚ ਚੋਟੀ ਦੇ ਸਥਾਨ 'ਤੇ ਕਾਬਜ ਹੋਈ ਸੀ। ਨਬੰਬਰ 2014 'ਚ ਉਸ ਨੇ ਪਹਿਲੀ ਵਾਰ ਨੰਬਰ ਇੱਕ ਦਾ ਸਥਾਨ ਹਾਸਲ ਕੀਤਾ ਸੀ। ਉਸ ਤੋ ਬਾਅਦ ਤੋਂ ਉਹ ਕੁਲ 902 ਦਿਨਾਂ ਤੱਕ ਇਸ ਸਥਾਨ 'ਤੇ ਕਾਬਜ਼ ਰਹੇ। ਨਿਊਜ਼ੀਲੈਂਡ ਖ਼ਿਲਾਫ਼ ਸੀਰੀਜ਼ 'ਚ ਪਲੇਅਰ ਆਫ ਦਿ ਸੀਰੀਜ਼ ਚੁਣੀ ਗਈ ਰੇਚੇਲ ਹੇਂਸ ਨੇ ਸੱਤ ਸਥਾਨ ਦੀ ਛਲਾਂਗ ਲਗਾਉਂਦੇ ਹੋਏ ਆਪਣੇ ਕਰੀਅਰ ਦੀ ਸਭ ਤੋਂ ਚੋਟੀ ਦੀ ਰੈਂਕਿੰਗ ਹਾਸਲ ਕੀਤੀ। ਸੀਰੀਜ਼ 'ਚ 222 ਦੌੜਾਂ ਬਣਾਉਣ ਵਾਲੀ ਹੇਂਸ ਇਸ ਸਮੇਂ 13ਵੇਂ ਸਥਾਨ 'ਤੇ ਹੈ।
 

Inder Prajapati

This news is Content Editor Inder Prajapati