ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ ਅਮਿਤ-ਸੋਨੀਆ

04/17/2019 12:21:04 PM

ਨਵੀਂ ਦਿੱਲੀ : ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਸੋਨੀਆ ਚਹਿਲ ਅਤੇ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ  ਜੇਤੂ ਅਮਿਤ ਪੰਘਾਲ 17 ਅਪ੍ਰੈਲ ਤੋਂ ਬੈਂਕਾਕ ਵਿਚ ਸ਼ੁਰੂ ਹੋ ਰਹੀ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਭਾਰਤ ਦੀ 20 ਮੈਂਬਰੀ ਮੁੱਕੇਬਾਜ਼ੀ ਟੀਮ ਦੀ ਅਗਵਾਈ ਕਰਨਗੇ। ਵਿਸ਼ਵ ਚੈਂਪੀਅਨਸ਼ਿਪ ਦੇ ਸਾਬਕਾ ਤਮਗਾ ਜੇਤੂ ਸਰਿਤਾ ਦੇਵੀ ਅਤੇ ਸ਼ਿਵ ਥਾਪਾ ਵੀ 26 ਅਪ੍ਰੈਲ ਨੂੰ ਖਤਮ ਹੋਣ ਵਾਲੀ ਇਸ ਪ੍ਰਤੀਯੋਗਿਤਾ ਲਈ ਭਾਰਤੀ ਟੀਮ ਦਾ ਹਿੱਸਾ ਹੋਣਗੇ। ਪੰਘਾਲ 52 ਕਿ.ਗ੍ਰਾ ਵਰਗ ਵਿਚ ਪਹਿਲੀ ਵਾਰ ਕਿਸੇ ਮੁਕਾਬਲੇ ਵਿਚ ਡੈਬਿਯੂ ਕਰਨਗੇ ਜਦਕਿ ਥਾਪਾ (60 ਕਿ.ਗ੍ਰਾ) ਦੀਆਂ ਨਜ਼ਰਾਂ ਲਗਾਤਾਰ ਚੌਥੇ ਤਮਗੇ ਟਿਕੀਆਂ ਹੋਣਗੀਆਂ।

ਸਾਬਕਾ ਵਿਸ਼ਵ ਜੂਨੀਅਰ ਚੈਂਪੀਅਨ ਨਿਖਤ ਜਰੀਨ (51. ਕਿ.ਗ੍ਰਾ) ਜਦਕਿ ਵਿਸ਼ਵ ਯੂਥ ਚੈਂਪੀਅਨਸ਼ਿਪ ਦੀ 2 ਵਾਰ ਦੀ ਸੋਨ ਤਮਗਾ ਜੇਤੂ ਨੀਤੂ (48 ਕਿ.ਗ੍ਰਾ) ਨੂੰ ਵੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਉਣ ਵਾਲੀ ਮਨੀਸ਼ਾ 54 ਕਿ.ਗ੍ਰਾ ਵਰਗ ਵਿਚ ਚੁਣੌਤੀ ਪੇਸ਼ ਕਰੇਗੀ। ਭਾਰਤ ਨੂੰ 64 ਕਿ.ਗ੍ਰਾ ਵਿਚ ਪੰਜਾਬ ਦੀ ਸਿਮਰਜੀਤ ਕੌਰ ਅਤੇ 69 ਕਿ.ਗ੍ਰਾ ਭਾਰ ਵਰਗ ਵਿਚ ਅਸਮ ਦੀ ਲਵਲੀਨਾ ਬੋਰਗੋਹੇਮ ਤੋਂ ਉਮੀਦਾਂ ਹੋਣਗੀਆਂ। ਹਰਿਆਣਾ ਦੀ ਮੁੱਕੇਬਾਜ਼ ਨੁਪੁਰ (75 ਕਿ.ਗ੍ਰਾ) ਡੈਬਿਯੂ ਕਰੇਗੀ ਅਤੇ ਪੂਜਾ ਰਾਣੀ (81 ਕਿ.ਗ੍ਰਾ) ਤੀਜਾ ਖਿਤਾਬ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ।

ਤਜ਼ਰਬੇਕਾਰ ਸੀਮਾ ਪੂਨੀਆ 81 ਕਿ.ਗ੍ਰਾ ਤੋਂ ਵੱਧ ਭਾਰ ਵਿਚ ਖਿਤਾਬ ਲਈ ਉਤਰੇਗੀ। ਪੁਰਸ਼ ਵਰਗ ਵਿਚ ਦੀਪਕ ਸਿੰਘ 49 ਕਿ.ਗ੍ਰਾ ਭਾਰ ਵਰਗ ਜਦਕਿ ਕਵਿੰਦਰ ਸਿੰਘ ਬਿਸ਼ਟ 56 ਕਿ.ਗ੍ਰਾ ਭਾਰ ਵਰਗ ਵਿਚ ਭਾਰਤ ਦੀ ਅਗਵਾਈ ਕਰਨਗੇ। ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਤਮਗਾ ਜੇਤੂ ਸਤੀਸ਼ ਕੁਮਾਰ ਨੂੰ 91 ਕਿ.ਗ੍ਰਾ ਤੋਂ ਵੱਧ ਭਾਰ ਵਰਗ ਵਿਚ ਚੁਣਿਆ ਗਿਆ ਹੈ। ਰੋਹਿਤ ਟੋਕਸ (64 ਕਿ.ਗ੍ਰਾ), ਅਸ਼ੀਸ਼ ਕੁਮਾਰ (69 ਕਿ.ਗ੍ਰਾ), ਬ੍ਰਿਜੇਸ਼ ਯਾਦਵ (81 ਕਿ.ਗ੍ਰਾ) ਅਤੇ ਨਮਨ ਤੰਵਰ (91 ਕਿ.ਗ੍ਰਾ) ਦੀ ਭਾਰਤ ਵੱਲੋਂ ਚੁਣੌਤੀ ਪੇਸ਼ ਕਰਨਗੇ।