Asia Cup: ਭਾਰਤ ਨੇ ਪਾਕਿ ਨੂੰ 8 ਵਿਕਟਾਂ ਨਾਲ ਹਰਾਇਆ

09/20/2018 1:46:34 AM

ਦੁਬਈ- ਭੁਵਨੇਸ਼ਵਰ ਕੁਮਾਰ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਜ਼ੋਰਦਾਰ ਪ੍ਰਦਰਸ਼ਨ ਅਤੇ ਕਪਤਾਨ ਰੋਹਿਤ ਸ਼ਰਮਾ ਤੋਂ ਮਿਲੀ ਤੇਜ਼ਤਰਾਰ ਸ਼ੁਰੂਆਤ ਦੇ ਦਮ 'ਤੇ ਭਾਰਤ ਨੇ ਏਸ਼ੀਆ ਕੱਪ ਗਰੁੱਪ-ਏ ਮੈਚ ਵਿਚ ਆਪਣੇ ਮੁੱਖ ਵਿਰੋਧੀ ਪਾਕਿਸਤਾਨ ਨੂੰ 126 ਗੇਂਦਾਂ ਬਾਕੀ ਰਹਿੰਦੇ 8 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ।
ਭੁਵਨੇਸ਼ਵਰ ਕੁਮਾਰ (15 ਦੌੜਾਂ ਦੇ ਕੇ 3), ਜਸਪ੍ਰੀਤ ਬੁਮਰਾਹ (23 ਦੌੜਾਂ ਦੇ ਕੇ 2) ਅਤੇ ਕੇਦਾਰ ਜਾਧਵ (23 ਦੌੜਾਂ ਦੇ ਕੇ 3) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕਰਨ ਵਾਲੇ ਪਾਕਿਸਤਾਨ ਨੂੰ 43.1 ਓਵਰ ਵਿਚ 162 ਦੌੜਾਂ 'ਤੇ ਢੇਰ ਕਰ ਦਿੱਤਾ।

ਇਸ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ (52) ਅਤੇ ਸ਼ਿਖਰ ਧਵਨ (46) ਨੇ ਪਹਿਲੀ ਵਿਕਟ ਲਈ 86 ਦੌੜਾਂ ਜੋੜ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦੁਆਈ। ਦਿਨੇਸ਼ ਕਾਰਤਿਕ (ਅਜੇਤੂ 31) ਅਤੇ ਅੰਬਾਤੀ ਰਾਇਡੂ (ਅਜੇਤੂ 31) ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ ਅਤੇ ਭਾਰਤੀ ਟੀਮ ਨੇ ਨਾ ਸਿਰਫ 29 ਓਵਰਾਂ ਵਿਚ 2 ਵਿਕਟਾਂ 'ਤੇ 164 ਦੌੜਾਂ ਬਣਾ ਕੇ ਮੈਚ ਨੂੰ ਇਕਤਰਫਾ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਭਾਰਤ ਦੀ ਇਹ ਗੇਂਦਾਂ ਬਾਕੀ ਰਹਿਣ ਦੇ ਲਿਹਾਜ਼ ਨਾਲ ਪਾਕਿਸਤਾਨ 'ਤੇ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਉਸ ਨੇ 2006 ਵਿਚ ਮੁਲਤਾਨ ਵਿਚ 105 ਗੇਂਦਾਂ ਬਾਕੀ ਰਹਿੰਦੇ ਹੋਏ ਜਿੱਤ ਦਰਜ ਕੀਤੀ ਸੀ।
ਭਾਰਤ ਨੇ ਇਸ ਤਰ੍ਹਾਂ ਨਾਲ ਗਰੁੱਪ-ਏ ਵਿਚ ਚੋਟੀ 'ਤੇ ਰਹਿ ਕੇ ਸੁਪਰ-4 ਵਿਚ ਜਗ੍ਹਾ ਬਣਾਈ, ਜਿੱਥੇ ਉਸ ਨੇ ਐਤਵਾਰ ਫਿਰ ਪਾਕਿਸਤਾਨ ਦਾ ਸਾਹਮਣਾ ਕਰਨਾ ਹੈ। ਭਾਰਤੀ ਸਲਾਮੀ ਜੋੜੀ ਨੇ ਚੌਕਸ ਸ਼ੁਰੂਆਤ ਕੀਤੀ। ਪਹਿਲੇ 6 ਓਵਰ ਵਿਚ ਸਿਰਫ 17 ਦੌੜਾਂ ਬਣੀਆਂ। ਰੋਹਿਤ ਸਮਝ ਗਿਆ ਕਿ ਜੇਕਰ ਇਹੀ ਸਥਿਤੀ ਬਰਕਰਾਰ ਰਹੀ ਤਾਂ ਦਬਾਅ ਵਧ ਜਾਵੇਗਾ। ਉਸ ਨੇ ਮੁਹੰਮਦ ਆਮੀਰ ਨੂੰ 2 ਚੌਕੇ ਜੜ ਕੇ ਹੱਥ ਖੋਲ੍ਹਿਆ। ਫਿਰ ਅਗਲੇ ਓਵਰ ਵਿਚ ਉਸਮਾਨ ਖਾਨ ਨੂੰ 2 ਛੱਕੇ ਠੋਕ ਕੇ ਭਾਰਤੀ ਸਮਰਥਕਾਂ ਨੂੰ ਖੁਸ਼ ਕੀਤਾ। ਭਾਰਤੀ ਕਪਤਾਨ ਨੇ ਹਸਲ ਅਲੀ ਦੀ ਗੇਂਦ ਮਿਡ ਵਿਕਟ 'ਤੇ 4 ਓਵਰ ਲਈ ਭੇਜ ਕੇ 9ਵੇਂ ਓਵਰ ਵਿਚ ਟੀਮ ਦਾ ਸਕੋਰ 50 ਦੇ ਪਾਰ ਪਹੁੰਚਾਇਆ।
ਧਵਨ ਨੇ ਵੀ ਹਸਨ ਅਲੀ ਨੂੰ ਛੱਕਾ ਲਾਇਆ ਜਦਕਿ ਰੋਹਿਤ ਨੇ ਇਸੇ ਗੇਂਦਬਾਜ਼ ਨੂੰ ਅਗਲੇ ਓਵਰ ਵਿਚ ਪਹਿਲਾ ਛੱਕਾ ਅਤੇ ਫਿਰ ਚੌਕਾ ਲਾ ਕੇ 36 ਗੇਂਦਾਂ 'ਤੇ ਆਪਣਾ 35ਵਾਂ ਅਰਧ-ਸੈਂਕੜਾ ਪੂਰਾ ਕੀਤਾ।