ICC ਟੈਸਟ ਰੈਂਕਿੰਗ ''ਚ ਅਸ਼ਵਿਨ ਪੁੱਜੇ ਦੂਜੇ ਸਥਾਨ ''ਤੇ, ਜਾਣੋ ਹੋਰਨਾਂ ਧਾਕੜ ਕ੍ਰਿਕਟਰਾਂ ਦੀ ਸਥਿਤੀ ਬਾਰੇ

12/08/2021 7:23:15 PM

ਦੁਬਈ- ਭਾਰਤ ਦੇ ਰਵੀਚੰਦਰਨ ਅਸ਼ਵਿਨ ਆਈਸੀਸੀ ਟੈਸਟ ਆਲਰਾਉਂਡਰ ਦੀ ਰੈਂਕਿੰਗ ਵਿਚ ਇਕ ਸਥਾਨ ਦੇ ਫ਼ਾਇਦੇ ਨਾਲ ਦੂਜੇ ਸਥਾਨ 'ਤੇ ਪੁੱਜ ਗਏ ਹਨ। ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਤੇ ਨਿਊਜ਼ੀਲੈਂਡ ਦੇ ਸਪਿੰਨਰ ਏਜਾਜ਼ ਪਟੇਲ ਨੇ ਵੀ ਲੰਬੀ ਛਾਲ ਲਾਈ ਹੈ। ਅਗਰਵਾਲ ਮੁੰਬਈ ਵਿਚ ਦੂਜੇ ਟੈਸਟ ਵਿਚ ਪਲੇਅਰ ਆਫ ਦ ਮੈਚ ਰਹੇ ਸਨ। ਇਸ ਮੈਚ ਵਿਚ ਉਨ੍ਹਾਂ ਨੇ 150 ਤੇ 62 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ ਜਿਸ ਨਾਲ ਉਹ ਮਰਦਾਂ ਦੀ ਬੱਲੇਬਾਜ਼ੀ ਰੈਂਕਿੰਗ ਵਿਚ 30 ਸਥਾਨ ਦੇ ਫ਼ਾਇਦੇ ਨਾਲ 11ਵੇਂ ਸਥਾਨ 'ਤੇ ਪੁੱਜ ਗਏ। ਉਹ ਆਪਣੇ ਕਰੀਅਰ ਦੇ ਸਰਵਸ੍ਰੇਸ਼ਠ 10ਵੇਂ ਸਥਾਨ ਤੋਂ ਸਿਰਫ਼ ਇਕ ਸਥਾਨ ਹੇਠਾਂ ਹਨ ਜੋ ਉਨ੍ਹਾਂ ਨੇ ਨਵੰਬਰ 2019 ਵਿਚ ਹਾਸਲ ਕੀਤਾ ਸੀ। ਮੁੰਬਈ ਵਿਚ ਜਨਮੇ ਪਟੇਲ ਇਕ ਟੈਸਟ ਪਾਰੀ ਵਿਚ ਸਾਰੀਆਂ 10 ਵਿਕਟਾਂ ਹਾਸਲ ਕਰਨ ਵਾਲੇ ਤੀਜੇ ਕ੍ਰਿਕਟਰ ਬਣੇ ਸਨ ਤੇ ਉਨ੍ਹਾਂ ਨੇ ਜਿਮ ਲੇਕਰ ਤੇ ਅਨਿਲ ਕੁੰਬਲੇ ਦੀ ਬਰਾਬਰੀ ਕੀਤੀ ਸੀ।

ਇਹ ਵੀ ਪੜ੍ਹੋ : ਝਾਰਖੰਡ ਦੇ CM ਹੇਮੰਤ ਸੋਰੇਨ ਤੇ ਵਿਧਾਇਕਾਂ ਨੇ ਖੇਡੀ ਕ੍ਰਿਕਟ, 42 ਲੱਖ 'ਚ ਪਏ 2 ਮੈਚ

ਉਨ੍ਹਾਂ ਨੇ ਮੈਚ ਵਿਚ 14 ਵਿਕਟਾਂ ਹਾਸਲ ਕੀਤੀਆਂ ਸਨ ਜਿਸ ਨਾਲ ਉਹ 23 ਸਥਾਨ ਦੇ ਫ਼ਾਇਦੇ ਨਾਲ 38ਵੇਂ ਸਥਾਨ 'ਤੇ ਪੁੱਜ ਗਏ ਹਨ। ਖੱਬੇ ਹੱਥ ਦੇ ਸਪਿਨਰ ਦੀ ਪਿਛਲੀ ਸਰਵਸ੍ਰੇਸ਼ਠ ਰੈਂਕਿੰਗ 53 ਸੀ ਤੇ ਸੀਰੀਜ਼ ਦੀ ਸ਼ੁਰੂਆਤ ਵਿਚ ਉਹ 62ਵੇਂ ਸਥਾਨ 'ਤੇ ਸਨ। ਮੁੰਬਈ ਟੈਸਟ ਆਈਸੀਸੀ ਵਿਸ਼ਵ ਚੈਂਪੀਅਨਸ਼ਿਪ ਦਾ ਹਿੱਸਾ ਸੀ ਤੇ ਇਸ ਤੋਂ ਬਾਅਦ ਰੈਂਕਿੰਗ ਵਿਚ ਲਾਭ ਹਾਸਲ ਕਰਨ ਵਾਲੇ ਹੋਰ ਖਿਡਾਰੀ ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (21 ਸਥਾਨ ਦੇ ਫ਼ਾਇਦੇ ਨਾਲ 45ਵੇਂ ਸਥਾਨ), ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ (ਚਾਰ ਸਥਾਨ ਦੇ ਫ਼ਾਇਦੇ ਨਾਲ 41ਵੇਂ ਸਥਾਨ) ਤੇ ਨਿਊਜ਼ੀਲੈਂਡ ਦੇ ਬੱਲੇਬਾਜ਼ ਡੇਰਿਲ ਮਿਸ਼ੇਲ (26 ਸਥਾਨ ਦੇ ਫ਼ਾਇਦੇ ਨਾਲ 78ਵੇਂ ਸਥਾਨ 'ਤੇ) ਹਨ। ਭਾਰਤ ਦੀ 372 ਦੌੜਾਂ ਦੀ ਜਿੱਤ ਵਿਚ ਹਰੇਕ ਪਾਰੀ ਵਿਚ ਚਾਰ-ਚਾਰ ਵਿਕਟਾਂ ਹਾਸਲ ਕਰਨ ਤੋਂ ਬਾਅਦ ਅਸ਼ਵਿਨ ਨੇ ਚੋਟੀ ਦੀ ਰੈਂਕਿੰਗ ਦੇ ਗੇਂਦਬਾਜ਼ ਪੈਟ ਕਮਿੰਸ ਵਿਚਾਲੇ ਫ਼ਰਕ ਘੱਟ ਕਰ ਦਿੱਤਾ।

ਅਸ਼ਵਿਨ ਨੂੰ 43 ਰੇਟਿੰਗ ਅੰਕਾਂ ਦਾ ਫ਼ਾਇਦਾ ਹੋਇਆ ਜਿਸ ਨਾਲ ਉਨ੍ਹਾਂ ਦੇ 883 ਅੰਕ ਹੋ ਗਏ ਹਨ। ਇਸ ਨਾਲ ਉਹ ਤੀਜੇ ਸਥਾਨ 'ਤੇ ਕਾਬਜ ਜੋਸ਼ ਹੇਜ਼ਲਵੁਡ ਤੋਂ 67 ਅੰਕ ਅੱਗੇ ਹਨ। ਉਹ ਹਰਫ਼ਨਮੌਲਾ ਸੂਚੀ ਵਿਚ ਇਕ ਸਥਾਨ ਦੇ ਫ਼ਾਇਦੇ ਨਾਲ ਦੂਜੇ ਸਥਾਨ 'ਤੇ ਪੁੱਜ ਗਏ ਜਦਕਿ ਸਾਥੀ ਰਵਿੰਦਰ ਜਡੇਜਾ ਸੂਚੀ ਵਿਚ ਚੌਥੇ ਸਥਾਨ 'ਤੇ ਖਿਸਕ ਗਏ ਜਿਸ ਵਿਚ ਵੈਸਟਇੰਡੀਜ਼ ਦੇ ਜੇਸਨ ਹੋਲਡਰ ਸਿਖਰ 'ਤੇ ਕਾਬਜ ਹਨ।

ਇਹ ਵੀ ਪੜ੍ਹੋ : ਸੰਕੇਤ ਨੇ ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਗਮਾ

ਹੋਲਡਰ ਇਕ ਸਥਾਨ ਦੇ ਫ਼ਾਇਦੇ ਨਾਲ ਬੁੱਧਵਾਰ ਨੂੰ ਅਪਡੇਟ ਕੀਤੀ ਗਈ ਗੇਂਦਬਾਜ਼ਾਂ ਦੀ ਸੂਚੀ ਵਿਚ 14ਵੇਂ ਸਥਾਨ 'ਤੇ ਪੁੱਜ ਗਏ ਹਨ। ਇਸ ਸੂਚੀ ਵਿਚ ਗਾਲੇ ਟੈਸਟ ਦੇ ਪ੍ਰਦਰਸ਼ਨ ਨੂੰ ਵੀ ਰੱਖਿਆ ਗਿਆ ਹੈ ਜਿਸ ਵਿਚ ਸ੍ਰੀਲੰਕਾ ਨੇ 164 ਦੌੜਾਂ ਦੀ ਜਿੱਤ ਨਾਲ ਸੀਰੀਜ਼ ਵਿਚ 2-0 ਨਾਲ ਜਿੱਤ ਹਾਸਲ ਕੀਤੀ ਸੀ ਤੇ ਉਹ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ਵਿਚ ਸਿਖਰ 'ਤੇ ਕਾਇਮ ਹੈ। ਬੱਲੇਬਾਜ਼ਾਂ ਵਿਚ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਕ੍ਰਮਵਾਰ ਪੰਜਵੇਂ ਤੇ ਛੇਵੇਂ ਸਥਾਨ 'ਤੇ ਹਨ। ਰੋਹਿਤ ਮੁੰਬਈ ਟੈਸਟ ਵਿਚ ਨਹੀਂ ਖੇਡੇ ਸਨ ਜਦਕਿ ਕੋਹਲੀ ਨੇ ਜ਼ੀਰੋ ਤੇ 36 ਦੌੜਾਂ ਬਣਾਈਆਂ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh