ਕਪਤਾਨ ਲਈ ਅਸ਼ਵਿਨ ਹਮੇਸ਼ਾ ਹਮਲਾਵਰ ਬਦਲ ਹੁੰਦੇ ਹਨ  : ਰੋਹਿਤ

11/23/2021 10:51:58 AM

ਕੋਲਕਾਤਾ-  ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਟੀ-20 ਅੰਤਰਾਸ਼ਟਰੀ ਮੈਚਾਂ ’ਚ ਵਿਚਲੇ ਓਵਰਾਂ ’ਚ ਜਦੋਂ ਟੀਮ ਨੂੰ ਵਿਕਟਾਂ ਦੀ ਲੋੜ ਹੁੰਦੀ ਹੈ ਤਾਂ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਹਮੇਸ਼ਾ ਹਮਲਾਵਰ ਬਦਲ ਹੁੰਦੇ ਹਨ। ਟੀ-20 ਦੇ ਨਵੇਂ ਕਪਤਾਨ ਰੋਹਿਤ ਨੇ ਨਿਊਜ਼ੀਲੈਂਡ ਖ਼ਿਲਾਫ਼ 3-0 ਨਾਲ ਜਿੱਤ ’ਚ ਟੀਮ ਦੀ ਗੇਂਦਬਾਜ਼ੀ ਨੂੰ ਸਭ ਤੋਂ ਵੱਡਾ ਹਾਂ-ਪੱਖੀ ਪਹਿਲੂ ਕਰਾਰ ਦਿੱਤਾ। 

ਇਸ ਮਹੀਨੇ ਦੇ ਸ਼ੁਰੂ ’ਚ ਟੀ-20 ਵਿਸ਼ਵ ਕੱਪ ’ਚ ਚਾਰ ਸਾਲ ਬਾਅਦ ਸੀਮਤ ਓਵਰਾਂ ਦੀ ਟੀਮ ’ਚ ਵਾਪਸੀ ਕਰਨ ਵਾਲੇ 35 ਸਾਲਾ ਅਸ਼ਵਿਨ ਨੇ ਨਿਊਜ਼ੀਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਸੀਰੀਜ਼ ’ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਤੇ ਵਿਚਲੇ ਓਵਰਾਂ ’ਚ ਦੌੜਾਂ ’ਤੇ ਲਗਾਮ ਲਾਉਣ ਦੇ ਨਾਲ ਵਿਕਟਾਂ ਵੀ ਹਾਸਲ ਕੀਤੀਆਂ। ਰੋਹਿਤ ਨੇ ਕਿਹਾ ਉਹ ਕਿਸੇ ਵੀ ਕਪਤਾਨ ਲਈ ਹਮੇਸ਼ਾ ਹਮਲਾਵਰ ਬਦਲ ਹਨ। ਜਦੋਂ ਤੁਹਾਡੇ ਕੋਲ ਉਨ੍ਹਾਂ ਵਰਗਾ ਗੇਂਦਬਾਜ਼ ਟੀਮ ’ਚ ਹੁੰਦਾ ਹੈ ਤਾਂ ਇਸ ਨਾਲ ਤੁਹਾਨੂੰ ਵਿਚਲੇ ਓਵਰਾਂ ’ਚ ਵਿਕਟ ਹਾਸਲ ਕਰਨ ਦਾ ਮੌਕਾ ਮਿਲਦਾ ਹੈ ਤੇ ਅਸੀਂ ਜਾਣਦੇ ਹਾਂ ਕਿ ਇਹ ਪੜਾਅ ਕਿੰਨਾ ਮਹੱਤਵਪੂਰਨ ਹੁੰਦਾ ਹੈ। ਦੁਬਈ ’ਚ ਖੇਡਣ ਤੋਂ ਬਾਅਦ ਹੀ ਉਨ੍ਹਾਂ ਸ਼ਾਨਦਾਰ ਵਾਪਸੀ ਕੀਤੀ ਹੈ। ਉਹ ਬਿਹਤਰੀਨ ਗੇਂਦਬਾਜ਼ ਹਨ ਤੇ ਅਸੀਂ ਸਾਰੇ ਇਹ ਚੰਗੀ ਤਰ੍ਹਾਂ ਨਾਲ ਜਾਣਦੇ ਹਾਂ।

Tarsem Singh

This news is Content Editor Tarsem Singh