ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ''ਚ ਅਸ਼ਵਿਨ ਦੂਜੇ ਸਥਾਨ ''ਤੇ, ਜਡੇਜਾ ਨੇ ਮਾਰੀ ਲੰਮੀ ਛਾਲ

02/15/2023 4:51:20 PM

ਨਵੀਂ ਦਿੱਲੀ : ਭਾਰਤ ਦੇ ਆਫ ਸਪਿਨਰ ਆਰ ਅਸ਼ਵਿਨ ਆਸਟ੍ਰੇਲੀਆ ਖਿਲਾਫ ਖੇਡੀ ਜਾ ਰਹੀ ਚਾਰ ਮੈਚਾਂ ਦੀ ਟੈਸਟ ਸੀਰੀਜ਼) ਦੇ ਪਹਿਲੇ ਟੈਸਟ ਮੈਚ 'ਚ 8 ਵਿਕਟਾਂ ਝਟਕਾਉਣ ਦੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਈਸੀਸੀ ਪੁਰਸ਼ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ 'ਚ ਦੂਜੇ ਸਥਾਨ 'ਤੇ ਪਹੁੰਚ ਗਏ। ਗੋਡੇ ਦੀ ਸੱਟ ਕਾਰਨ ਲਗਭਗ ਪੰਜ ਮਹੀਨੇ ਬਾਅਦ ਟੀਮ 'ਚ ਵਾਪਸੀ ਕਰਨ ਵਾਲੇ ਰਵਿੰਦਰ ਜਡੇਜਾ ਨੇ ਕੁੱਲ 7 ਵਿਕਟਾਂ ਲਈਆਂ ਤੇ ਰੈਂਕਿੰਗ 'ਚ 16ਵੇਂ ਸਥਾਨ 'ਤੇ ਪੁੱਜ ਗਏ। 

ਇਸ ਦੇ ਨਾਲ ਹੀ ਕਪਤਾਨ ਰੋਹਿਤ ਸ਼ਰਮਾ ਅਤੇ ਅਕਸ਼ਰ ਪਟੇਲ ਨੂੰ ਵੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਈਸੀਸੀ ਰੈਂਕਿੰਗ ਵਿੱਚ ਫਾਇਦਾ ਹੋਇਆ ਹੈ। ਅਸ਼ਵਿਨ ਫਿਲਹਾਲ ਦੂਜੇ ਸਥਾਨ 'ਤੇ ਬੈਠੇ ਹਨ। ਉਸ ਦੀ ਰੇਟਿੰਗ 846 ਹੈ, ਜਦੋਂ ਕਿ ਪੈਟ ਕਮਿੰਸ ਦੀ ਰੇਟਿੰਗ 867 ਹੈ। ਇਸ ਤੋਂ ਇਲਾਵਾ ਆਈਸੀਸੀ ਆਲਰਾਊਂਡਰ ਰੈਂਕਿੰਗ 'ਚ ਰਵਿੰਦਰ ਜਡੇਜਾ ਪਹਿਲੇ ਸਥਾਨ 'ਤੇ, ਆਰ ਅਸ਼ਵਿਨ ਦੂਜੇ ਸਥਾਨ 'ਤੇ ਅਤੇ ਅਕਸ਼ਰ ਪਟੇਲ ਛੇਵੇਂ ਸਥਾਨ 'ਤੇ ਪਹੁੰਚ ਗਏ ਹਨ।

ਇਹ ਵੀ ਪੜ੍ਹੋ : ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਦੱਖਣੀ ਅਫਰੀਕਾ ਦੌਰੇ ਲਈ ਹੋਈ ਰਵਾਨਾ

ਜੇਕਰ ਬੱਲੇਬਾਜ਼ੀ ਰੈਂਕਿੰਗ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਨਾਗਪੁਰ ਟੈਸਟ 'ਚ ਸੈਂਕੜਾ ਲਗਾਉਣ ਤੋਂ ਬਾਅਦ ਦੋ ਸਥਾਨ ਦਾ ਫਾਇਦਾ ਹੋਇਆ ਹੈ। ਉਹ ਇਸ ਸਮੇਂ ਅੱਠਵੇਂ ਸਥਾਨ 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਡੇਵਿਡ ਵਾਰਨਰ 6 ਸਥਾਨ ਦੇ ਨੁਕਸਾਨ ਨਾਲ 20ਵੇਂ ਸਥਾਨ 'ਤੇ ਆ ਗਿਆ ਹੈ

ਜ਼ਿਕਰਯੋਗ ਹੈ ਕਿ ਭਾਰਤੀ ਟੀਮ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਨੰਬਰ 1 ਟੀਮ ਬਣ ਗਈ ਹੈ। ਆਈਸੀਸੀ ਦੀ ਤਾਜ਼ਾ ਟੀਮ ਰੈਂਕਿੰਗ 'ਚ ਭਾਰਤੀ ਟੀਮ ਟੈਸਟ ਰੈਂਕਿੰਗ 'ਚ ਵੀ ਸਿਖਰ 'ਤੇ ਪਹੁੰਚ ਗਈ ਹੈ। ਨਾਗਪੁਰ ਟੈਸਟ 'ਚ ਭਾਰਤੀ ਟੀਮ ਨੇ ਆਸਟ੍ਰੇਲੀਆ ਨੂੰ ਵੱਡੇ ਫਰਕ ਨਾਲ ਹਰਾ ਕੇ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਭਾਰਤੀ ਟੀਮ ਦੀ ਟੈਸਟ ਰੈਂਕਿੰਗ ਵਿੱਚ 115 ਦੀ ਰੈਂਕਿੰਗ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਦੇ 111 ਰੇਟਿੰਗ ਅੰਕ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh