ਏਸ਼ੇਜ਼ ਸੀਰੀਜ਼ : ਇੰਗਲੈਂਡ ਜਿੱਤ ਤੋਂ 178 ਦੌੜਾਂ ਦੂਰ

12/06/2017 4:39:25 AM

ਐਡੀਲੇਡ- ਜੇਮਸ ਐਂਡਰਸਨ (43 ਦੌੜਾਂ 'ਤੇ 5 ਵਿਕਟਾਂ) ਤੇ ਕ੍ਰਿਸ ਵੋਕਸ (36 ਦੌੜਾਂ 'ਤੇ 4 ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਨੇ ਇੰਗਲੈਂਡ ਨੂੰ ਦੂਜੇ ਕ੍ਰਿਕਟ ਟੈਸਟ ਵਿਚ ਵਾਪਸੀ ਦੇ ਨੇੜੇ ਪਹੁੰਚਾ ਦਿੱਤਾ। ਇੰਗਲੈਂਡ ਮੰਗਲਵਾਰ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਮੇਜ਼ਬਾਨ ਆਸਟ੍ਰੇਲੀਆਈ ਟੀਮ ਵਿਰੁੱਧ ਜਿੱਤ ਤੋਂ ਆਪਣੀਆਂ 6 ਵਿਕਟਾਂ ਬਾਕੀ ਰਹਿੰਦਿਆਂ 178 ਦੌੜਾਂ ਹੀ ਦੂਰ ਹੈ। ਆਸਟ੍ਰੇਲੀਆ ਤੋਂ ਮਿਲੇ 354 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਇੰਗਲੈਂਡ ਕ੍ਰਿਕਟ ਟੀਮ ਨੇ ਚੌਥੇ ਦਿਨ ਸਟੰਪਸ ਤੱਕ ਦੂਜੀ ਪਾਰੀ ਵਿਚ 62 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ 'ਤੇ 176 ਦੌੜਾਂ ਬਣਾ ਲਈਆਂ ਹਨ ਤੇ ਉਹ ਜਿੱਤ ਤੋਂ 178 ਦੌੜਾਂ ਦੂਰ ਹੈ। ਕਪਤਾਨ ਜੋ ਰੂਟ 67 ਦੌੜਾਂ ਤੇ ਕ੍ਰਿਸ ਵੋਕਸ 5 ਦੌੜਾਂ 'ਤੇ ਅਜੇਤੂ ਹਨ। 
ਇਸ ਤੋਂ ਪਹਿਲਾਂ ਇੰਗਲੈਂਡ ਨੇ ਚੌਥੇ ਦਿਨ ਆਸਟ੍ਰੇਲੀਆ ਦੀ ਦੂਜੀ ਪਾਰੀ ਨੂੰ ਚਾਹ ਦੇ ਸਮੇਂ ਤੋਂ ਠੀਕ ਪਹਿਲਾਂ 58 ਓਵਰਾਂ 'ਚ 138 ਦੌੜਾਂ 'ਤੇ ਸਮੇਟ ਦਿੱਤਾ। ਮੇਜ਼ਬਾਨ ਟੀਮ ਆਪਣੇ ਕੱਲ ਦੇ ਸਕੋਰ ਵਿਚ ਸਿਰਫ 85 ਦੌੜਾਂ ਹੀ ਜੋੜ ਸਕੀ ਤੇ ਉਸ ਨੇ ਆਪਣੀਆਂ 6 ਵਿਕਟਾਂ ਸਿਰਫ 67 ਦੌੜਾਂ ਜੋੜ ਕੇ ਹੀ ਗੁਆ ਦਿੱਤੀਆਂ ਪਰ ਪਹਿਲੀ ਪਾਰੀ ਦੀ ਬੜ੍ਹਤ ਦੇ ਆਧਾਰ 'ਤੇ ਆਸਟ੍ਰੇਲੀਆ ਨੇ ਇੰਗਲੈਂਡ ਦੇ ਸਾਹਮਣੇ ਜਿੱਤ ਲਈ 354 ਦੌੜਾਂ ਦਾ ਟੀਚਾ ਰੱਖ ਦਿੱਤਾ। ਆਸਟ੍ਰੇਲੀਆ ਨੇ ਆਪਣੀ ਪਹਿਲੀ ਪਾਰੀ 8 ਵਿਕਟਾਂ 'ਤੇ 442 ਦੌੜਾਂ ਬਣਾ ਕੇ ਖਤਮ ਐਲਾਨ ਕੀਤੀ ਸੀ।