ਏਸ਼ੇਜ਼ : ਮੀਂਹ ਪ੍ਰਭਾਵਿਤ ਤੀਜੇ ਦਿਨ ਆਸਟਰੇਲੀਆ ਦੀ ਪਾਰੀ ਲੜਖੜਾਈ

08/17/2019 12:21:20 AM

ਲੰਡਨ—  ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਨੇ ਦੂਜੇ ਏਸ਼ੇਜ਼ ਟੈਸਟ ਮੈਚ ਵਿਚ ਸ਼ੁਰੂ ਵਿਚ ਹੀ ਆਪਣੀ ਪਹਿਲੀ ਵਿਕਟ ਲੈ ਲਈ, ਜਿਸ ਨਾਲ ਸ਼ੁੱਕਰਵਾਰ ਨੂੰ ਆਸਟਰੇਲੀਆ ਦਾ ਚੋਟੀਕ੍ਰਮ ਲੜਖੜਾ ਗਿਆ। ਮੀਂਹ ਨਾਲ ਪ੍ਰਭਾਵਿਤ ਮੈਚ ਦੇ ਤੀਜੇ ਦਿਨ ਆਸਟਰੇਲੀਆ ਨੇ ਲੰਚ ਤੋਂ ਪਹਿਲਾਂ 11 ਦੌੜਾਂ ਦੇ ਅੰਦਰ 3 ਵਿਕਟਾਂ ਗੁਆ ਦਿੱਤੀਆਂ। ਮੀਂਹ ਕਾਰਣ ਸਮੇਂ ਤਂੋ ਪਹਿਲਾਂ ਲੰਚ ਦਾ ਐਲਾਨ ਕਰ ਦਿੱਤਾ ਗਿਆ ਤੇ ਖੇਡ ਖਤਮ ਹੋਣ ਦੇ ਸਮੇਂ ਤਕ ਆਸਟਰੇਲੀਆ ਦਾ ਸਕੋਰ 37.1 ਓਵਰਾਂ ਵਿਚ 4 ਵਿਕਟਾਂ 'ਤੇ 80 ਦੌੜਾਂ ਸੀ। ਦਿਨ ਦੇ ਪਹਿਲੇ ਸੈਸ਼ਨ ਵਿਚ ਸਿਰਫ 24.1 ਓਵਰਾਂ ਦੀ ਖੇਡ ਹੀ ਸੰਭਵ ਹੋ ਸਕੀ। ਇਸ ਤੋਂ ਬਾਅਦ ਮੀਂਹ ਕਾਰਣ ਅੱਗੇ ਖੇਡ ਸ਼ੁਰੂ ਨਹੀਂ ਹੋ ਸਕੀ। ਸਥਾਨਕ ਸਮੇਂ ਅਨੁਸਾਰ ਸ਼ਾਮ 5 ਵੱਜ ਕੇ 22 ਮਿੰਟ 'ਤੇ ਅੰਪਾਇਰਾਂ ਨੇ ਦਿਨ ਦੀ ਖੇਡ ਰੱਦ ਕਰ ਦਿੱਤੀ। ਮੈਚ ਦਾ ਪਹਿਲਾ ਦਿਨ ਵੀ ਮੀਂਹ ਦੀ ਭੇਟ ਚੜ੍ਹ ਗਿਆ ਸੀ। ਇੰਗਲੈਂਡ ਦੀ ਪਹਿਲੀ ਪਾਰੀ ਕੱਲ 258 ਦੌੜਾਂ 'ਤੇ ਢੇਰ ਹੋ ਗਈ ਸੀ। ਦਿਨ ਦੀ ਸ਼ੁਰੂਆਤ 30 ਦੌੜਾਂ 'ਤੇ ਇਕ ਵਿਕਟ ਤੋਂ ਅੱਗੇ ਕਰਨ ਵਾਲੀ ਆਸਟਰੇਲੀਆਈ ਟੀਮ ਅਜੇ ਵੀ ਇੰਗਲੈਂਡ ਤੋਂ 178 ਦੌੜਾਂ ਪਿੱਛੇ ਹੈ ਤੇ ਉਸ ਦੀਆਂ 6 ਵਿਕਟਾਂ ਬਾਕੀ ਹਨ। 


ਇਕ ਮਹੀਨੇ ਪਹਿਲਾਂ ਇਸ ਮੈਦਾਨ 'ਤੇ ਸੁਪਰ ਓਵਰ ਸੁੱਟ ਕੇ ਇੰਗਲੈਂਡ ਨੂੰ ਚੈਂਪੀਅਨ ਬਣਾਉਣ ਵਾਲੇ ਆਰਚਰ ਨੇ 13 ਓਵਰਾਂ ਵਿਚ 18 ਦੌੜਾਂ ਦੇ ਕੇ ਕੈਮਰੂਨ ਬੇਨਕ੍ਰਾਫਟ  ਦੇ ਰੂਪ ਵਿਚ ਆਪਣੀ ਪਹਿਲੀ ਵਿਕਟ ਲਈ। ਜਦੋਂ ਮੀਂਹ ਕਾਰਨ ਦਿਨ ਦੀ ਖੇਡ ਖਤਮ ਕੀਤੀ ਗਈ ਤਦ ਪਿਛਲੇ ਮੈਚ ਵਿਚ ਦੋ ਸੈਂਕੜੇ ਲਾਉਣ ਵਾਲਾ ਸਟੀਵ ਸਮਿਥ 13 ਦੌੜਾਂ 'ਤੇ ਅਜੇਤੂ ਸੀ, ਜਿਸ ਦਾ ਸਾਥ ਮੈਥਿਊ ਵੇਡ ਦੇ ਰਿਹਾ ਹੈ। ਵੇਡ ਨੇ ਅਜੇ ਖਾਤਾ ਨਹੀਂ ਖੋਲ੍ਹਿਆ ਹੈ।

Gurdeep Singh

This news is Content Editor Gurdeep Singh