''ਸਟਾਰਡਮ'' ਨਹੀਂ ਖੇਡ ''ਤੇ ਰਹੇਗਾ ਯਸ਼ਸਵੀ ਦਾ ਫੋਕਸ : ਕੋਚ ਨੇ ਕਿਹਾ

02/10/2020 6:58:58 PM

ਨਵੀਂ ਦਿੱਲੀ : ਭਾਰਤੀ ਟੀਮ ਭਾਵੇਂ ਹੀ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿਚ ਹਾਰ ਗਈ ਹੋਵੇ ਪਰ 'ਮੈਨ ਆਫ ਦਿ ਟੂਰਨਾਮੈਂਟ' ਰਹੇ ਯਸ਼ਸਵੀ ਜਾਇਸਵਾਲ ਇਸ ਤੋਂ ਰਾਤੋਰਾਤ ਸਿਤਾਰਾ ਬਣ ਗਿਆ ਹਾਲਾਂਕਿ ਹੁਣ ਚੁਣੌਤੀ 'ਸਟਾਰਡਮ' ਤੋਂ ਕਿਨਾਰਾ ਕਰਕੇ ਕ੍ਰਿਕਟ 'ਤੇ ਫੋਕਸ ਕਰਨ ਦੀ ਹੋਵੇਗੀ। 'ਗੋਲਗੱਪਾ ਬੋਆਏ' ਦੇ ਰੂਪ ਵਿਚ ਮਸ਼ਹੂਰ ਹੋਏ ਯਸ਼ਸਵੀ ਦੀ ਉੱਤਰ ਪ੍ਰਦੇਸ਼ ਦੇ ਭਦੋਹੀ ਤੋਂ ਨਿਕਲ ਕੇ ਭਾਰਤੀ ਅੰਡਰ-19 ਟੀਮ ਵਿਚ ਜਗ੍ਹਾ ਬਣਾਉਣ ਤੇ ਵਿਸ਼ਵ ਕੱਪ ਵਿਚ ਆਸਾਧਾਰਨ ਪ੍ਰਦਰਸ਼ਨ ਦੀ ਕਹਾਣੀ ਕਿਸੇ ਪਰੀਕਥਾ ਤੋਂ ਘੱਟ ਨਹੀਂ। ਉਸ ਨੇ ਦੱਖਣੀ ਅਫਰੀਕਾ ਵਿਚ ਅੰਡਰ-19 ਵਿਸ਼ਵ ਕੱਪ ਫਾਈਨਲ ਵਿਚ 88 ਦੌੜਾਂ ਸਮੇਤ ਕੁਲ 400 ਦੌੜਾਂ ਬਣਾਈਆਂ ਤੇ 3 ਵਿਕਟਾਂ ਵੀ ਲਈਆਂ।

ਯਸ਼ਸਵੀ ਆਪਣੇ ਪ੍ਰਦਰਸ਼ਨ ਨਾਲ ਲਗਾਤਾਰ ਮੀਡੀਆ ਵਿਚ ਸੁਰਖੀਆਂ ਵਿਚ ਹੈ ਪਰ ਉਸਦੇ ਸਰਪ੍ਰਸਤ ਤੇ ਕੋਚ ਜਵਾਲਾ ਸਿੰਘ ਦਾ ਕਹਿਣਾ ਹੈ ਕਿ ਇਸ ਸਫਲਤਾ ਤੋਂ ਉਸਦੀ ਜ਼ਿੰਦਗੀ ਵਿਚ ਕੋਈ ਬਦਲਾਅ ਨਹੀਂ ਆਉਣ ਵਾਲਾ ਤੇ ਉਸਦਾ ਫੋਕਸ ਕ੍ਰਿਕਟ 'ਤੇ ਹੀ ਰਹੇਗਾ।