ਡੇਲ ਪੋਤ੍ਰੋ ਲਗਾਤਾਰ ਚੌਥੀ ਵਾਰ ਆਖਰੀ-16 ''ਚ

08/18/2018 12:28:54 AM

ਸਿਨਸਿਨਾਟੀ—ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤ੍ਰੋ ਨੇ ਦੱਖਣੀ ਕੋਰੀਆ ਦੇ ਚੁੰਗ ਹਿਓਨ ਨੂੰ 6-2, 6-3 ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਸਿਨਸਿਨਾਟੀ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਪ੍ਰੀ-ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ। 
ਟੂਰਨਾਮੈਂਟ 'ਚ ਮੀਂਹ ਕਾਰਨ ਕੱਲ ਕਈ ਮੈਚਾਂ 'ਚ ਅੜਿੱਕਾ ਪਿਆ ਤੇ ਉਹ ਮੈਚ ਪੂਰੇ ਨਹੀਂ ਹੋ ਸਕੇ ਸਨ। ਡੇਲ ਪੋਤ੍ਰੋ ਤੇ ਚੁੰਗ ਦਾ ਮੈਚ ਵੀ ਕਈ ਵਾਰ ਮੀਂਹ ਦੇ ਅੜਿੱਕੇ ਕਾਰਨ ਰੋਕਿਆ ਗਿਆ ਪਰ ਡੇਲ ਪੋਤ੍ਰੋ ਨੇ 81 ਮਿੰਟ 'ਚ ਇਹ ਮੁਕਾਬਲਾ ਖਤਮ ਕਰ ਲਿਆ। ਇਸ ਵਿਚਾਲੇ ਵਿੰਬਲਡਨ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਬੁਲਗਾਰੀਆ ਦੇ ਗ੍ਰੇਗੋਰ ਦਿਮਿਤ੍ਰੋਵ ਵਿਰੁੱਧ 2-6, 6-3, 2-1 ਨਾਲ ਅੱਗੇ ਸੀ, ਜਦੋਂ ਉਨ੍ਹਾਂ ਦਾ ਮੈਚ ਰੁਕਿਆ। 
ਹਾਲੇਪ ਤੀਜੇ ਦੌਰ 'ਚ, ਸਟੀਫਨਸ ਬਾਹਰ—ਚੋਟੀ ਦਾ ਦਰਜਾ ਪ੍ਰਾਪਤ ਰੋਮਾਨੀਆ ਦੀ ਸਿਮੋਨਾ ਹਾਲੇਪ ਮੀਂਹ ਪ੍ਰਭਾਵਿਤ ਆਪਣੇ ਦੂਜੇ ਦੌਰ ਦੇ ਮੈਚ ਵਿਚ ਐਜਲਾ ਟੋਮਲਾਜਾਨੋਵਿਚ ਵਿਰੁੱਧ ਜਿੱਤ ਤੋਂ ਬਾਅਦ ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ 'ਚ ਪਹੁੰਚ ਗਈ ਹੈ, ਜਦਕਿ ਸਾਬਕਾ ਯੂ. ਐੱਸ. ਓਪਨ ਚੈਂਪੀਅਨ ਅਮਰੀਕਾ ਦੀ ਸਲੋਏਨ ਸਟੀਫਨਸ ਨੂੰ ਏਲਾਈਸ ਮਾਰਟਨਸ ਨੇ ਤੀਜੇ ਦੌਰ 'ਚ ਹਰਾ ਕੇ ਬਾਹਰ ਕਰ ਦਿੱਤਾ।