ਅਰਧਿਆਦੀਪ ਨੇ ਉਲਟਫੇਰ ਕਰ ਕੇ ਦੀਪਨ ਨੂੰ ਹਰਾਇਆ

10/31/2017 3:41:34 AM

ਪਟਨਾ— ਖਾਦੀ ਇੰਡੀਆ 55ਵੀਂ ਰਾਸ਼ਟਰੀ ਪੁਰਸ਼ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ 'ਚ ਲਗਾਤਾਰ ਤੀਜੇ ਦਿਨ 2 ਮੈਚਾਂ ਦੇ ਹੀ ਨਤੀਜੇ ਸਾਹਮਣੇ ਆਏ, ਜਦਕਿ 5 ਮੈਚ ਡਰਾਅ ਰਹੇ। ਖ਼ੈਰ, ਵੱਡਾ ਉਲਟਫੇਰ ਸਾਹਮਣੇ ਆਇਆ, ਜਦੋਂ ਜ਼ਬਰਦਸਤ ਲੈਅ 'ਚ ਚੱਲ ਰਹੇ ਨੈਸ਼ਨਲ ਚੈਲੰਜਰ ਜੇਤੂ ਗ੍ਰੈਂਡ ਮਾਸਟਰ ਦੀਪਨ ਚੱਕਰਵਰਤੀ ਨੂੰ ਇੰਟਰਨੈਸ਼ਨਲ ਮਾਸਟਰ ਅਰਧਿਆਦੀਪ ਦਾਸ ਨੇ ਹਰਾ ਦਿੱਤਾ।
ਪੇਟ੍ਰਾਫਡਿਫੈਂਸ ਓਪਨਿੰਗ 'ਚ ਹੋਏ ਇਸ ਮੁਕਾਬਲੇ ਵਿਚ ਦੀਪਨ ਨੇ ਸ਼ੁਰੂਆਤ ਤੋਂ ਹੀ ਦਾਸ 'ਤੇ ਦਬਾਅ ਬਣਾਉਣਾ ਸ਼ੁਰੁ ਕੀਤਾ ਪਰ ਉਸ ਦੇ ਰਾਜੇ 'ਤੇ ਹਮਲਾ ਕਰਨ ਦੀ ਕੋਸ਼ਿਸ਼ ਵਿਚ ਉਸ ਦੀ ਰਾਣੀ ਖੇਡ 'ਚ ਕੁਝ ਇਸ ਤਰ੍ਹਾਂ ਭਟਕ ਗਈ ਕਿ ਉਸ ਦੇ ਮੋਹਰਿਆਂ ਵਿਚਾਲੇ ਤਾਲਮੇਲ ਵਿਗੜ ਗਿਆ। ਖੇਡ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ 'ਚ 27ਵੀਂ ਚਾਲ ਵਿਚ ਦੀਪਨ ਨੇ ਚੰਗੀ ਖੇਡ ਖੇਡ ਰਹੇ ਦਾਸ ਦੇ  ਦੋਵੇਂ ਹਾਥੀ ਲੈ ਕੇ ਆਪਣੀ ਰਾਣੀ ਨੂੰ ਬਦਲੇ ਵਿਚ ਦਿੱਤਾ ਪਰ ਉਸ ਦੇ ਬਾਕੀ ਦੇ ਮੋਹਰਿਆਂ ਵਿਚਾਲੇ ਸਹੀ ਸੰਤੁਲਨ ਨਾ ਹੋਣ ਕਾਰਨ ਸਥਿਤੀ ਉਸ ਦੇ ਹੱਥੋਂ ਨਿਕਲ ਗਈ ਤੇ 35ਵੀਂ ਚਾਲ 'ਚ ਉਸ ਨੇ ਹਾਰ ਸਵੀਕਾਰ ਕਰ ਲਈ।
ਇਕ ਹੋਰ ਮੁਕਾਬਲੇ 'ਚ ਅਰਵਿੰਦ ਚਿਦਾਂਬਰਮ ਨੇ ਬੇਹੱਦ ਲੰਬੇ 95 ਚਾਲਾਂ ਤਕ ਚੱਲੇ ਮੁਕਾਬਲੇ 'ਚ ਆਰ. ਆਰ. ਲਕਸ਼ਮਣ ਨੂੰ ਹਰਾਇਆ, ਜਦਕਿ ਹੋਰ ਸਾਰੇ 5 ਮੈਚ ਡਰਾਅ ਰਹੇ, ਜਿਨ੍ਹਾਂ 'ਚ ਅਭਿਜੀਤ ਕੁੰਟੇ ਨੇ ਸਵਪਨਿਲ ਥੋਪੜੇ ਨਾਲ, ਸਮਸੇਦ ਸ਼ੇਟੇ ਨੇ ਕਾਰਤੀਕੇਅਨ ਮੁਰਲੀ ਨਾਲ, ਐੱਸ. ਐੱਲ. ਨਾਰਾਇਣ ਨੇ ਦੇਬਾਸ਼ੀਸ਼ ਦਾਸ ਨਾਲ, ਰੋਹਿਤ ਲਲਿਤ ਬਾਬੂ ਨੇ ਹਿਮਾਂਸ਼ੂ ਸ਼ਰਮਾ ਨਾਲ, ਐੱਸ. ਨਿਤਿਨ ਨੇ ਸ਼ਿਆਮ ਨਿਖਿਲ ਨਾਲ ਡਰਾਅ ਖੇਡਿਆ। ਫਿਲਹਾਲ 3 ਰਾਊਂਡ ਤੋਂ ਬਾਅਦ ਅਰਧਿਆਦੀਪ, ਅਰਵਿੰਦ, ਰੋਹਿਤ ਤੇ ਨਾਰਾਇਣ 2 ਅੰਕਾਂ ਨਾਲ ਸਾਂਝੇ ਤੌਰ 'ਤੇ ਸਾਂਝੀ ਬੜ੍ਹਤ 'ਤੇ ਚੱਲ ਰਹੇ ਹਨ।