ਤੀਰਅੰਦਾਜ਼ੀ ਵਿਸ਼ਵ ਕੱਪ : ਦੀਪਿਕਾ ਅਤੇ ਤਰੁਣਦੀਪ ਅੱਗੇ ਵਧੇ, ਅਤਨੂ ਬਾਹਰ

05/23/2019 1:11:20 PM

ਅੰਤਾਲਿਆ— ਦੀਪਿਕਾ ਕੁਮਾਰੀ ਅਤੇ ਤਰੁਣਦੀਪ ਰਾਏ ਸਮੇਤ ਚਾਰ ਭਾਰਤੀਆਂ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਪੜਾਅ ਤਿੰਨ ਦੇ ਰਿਕਰਵ ਨਿਜੀ ਵਰਗ ਦੇ ਤੀਜੇ ਦੌਰ 'ਚ ਜਗ੍ਹਾ ਬਣਾਈ ਜਦਕਿ ਅਤਨੂ ਦਾਸ ਟੂਰਨਾਮੈਂਟ ਤੋਂ ਬਾਹਰ ਹੋ ਗਏ। ਯਾਤਰਾ ਮੁੱਦਿਆਂ ਕਾਰਨ ਮੇਡੇਲਿਨ 'ਚ ਵਿਸ਼ਵ ਕੱਪ ਪੜਾਅ ਇਕ 'ਚ ਨਹੀਂ ਖੇਡ ਸਕੇ ਭਾਰਤੀ ਨਿਸ਼ਾਨੇਬਾਜ਼ਾਂ ਨੇ ਕੰਪਾਊਂਡ ਵਰਗ 'ਚ ਖੁਦ ਨੂੰ ਤਮਗੇ ਦੀ ਦੌੜ 'ਚ ਬਣਾਏ ਰਖਿਆ ਹੈ ਜਿੱਥੇ ਅਭਿਸ਼ੇਕ ਵਰਮਾ ਅਤੇ ਰਜਤ ਚੌਹਾਨ ਨੇ ਤੀਜੇ ਦੌਰ 'ਚ ਜਗ੍ਹਾ ਬਣਾਈ।

21 ਸਾਲ ਦੇ ਅਤੁਲ ਵਰਮਾ ਨੇ ਸ਼ੂਟ ਆਫ 'ਚ ਸ਼ੰਘਾਈ ਵਿਸ਼ਵ ਕੱਪ ਦੇ ਸੋਨ ਤਮਗਾ ਜੇਤੂ ਚੀਨੀ ਤਾਈਪੈ ਦੇ ਡੇਂਗ ਯੂ ਚੇਂਗ ਨੂੰ ਹਰਾਇਆ। ਵਰਮਾ ਪਹਿਲੇ ਦੋ ਸੈੱਟ ਗੁਆਉਣ ਦੇ ਬਾਅਦ 4-0 ਨਾਲ ਪਿੱਛੜ ਰਹੇ ਹਨ ਪਰ ਇਸ ਦੇ ਬਾਅਦ ਅਗਲੇ ਦੋ ਸੈੱਟ ਜਿੱਤ ਕੇ ਉਨ੍ਹਾਂ ਨੇ ਜ਼ੋਰਦਾਰ ਵਾਪਸੀ ਕੀਤੀ। ਪੰਜਵਾਂ ਸੈੱਟ 28-28 ਨਾਲ ਬਰਾਬਰ ਰਿਹਾ। ਵਰਮਾ ਨੇ ਸ਼ੂਟ ਆਫ 'ਚ 9-8 ਦੀ ਜਿੱਤ ਨਾਲ ਤੀਜੇ ਦੌਰ 'ਚ ਜਗ੍ਹਾ ਬਣਾਈ ਜਿੱੱਥੇ ਉਨ੍ਹਾਂ ਦਾ ਸਾਹਮਣਾ ਨੀਦਰਲੈਂਡ ਦੇ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਸਟੀਵ ਵਿਜਲਰ ਨਾਲ ਹੋਵੇਗਾ। ਉਨ੍ਹਾਂ ਨੇ ਪਹਿਲੇ ਦੌਰ 'ਚ ਮੰਗੋਲੀਆ ਦੇ ਗੇਂਟਗਸ ਨੂੰ 7-3 ਨਾਲ ਹਰਾਇਆ। ਸਾਬਕਾ ਓਲੰਪੀਅਨ ਤਰੁਣਦੀਪ ਨੇ ਪਹਿਲੇ ਦੌਰ 'ਚ ਆਸਟਰੇਲੀਆ ਦੇ ਡੋਮੀਨਿਕ ਇਰਾਸ਼ ਨੂੰ 7-3 ਨਾਲ ਹਰਾਉਣ ਦੇ ਬਾਅਦ ਸਲੋਵੇਨੀਆ ਦੇ ਗਾਸਪਰ ਸਟਰੇਜਰ ਨੂੰ 6-4 ਨਾਲ ਹਰਾ ਕੇ ਤੀਜੇ ਦੌਰ 'ਚ ਜਗ੍ਹਾ ਬਣਾਈ। ਤਰੁਣਦੀਪ ਅਗਲੇ ਦੌਰ 'ਚ ਜਾਪਾਨ ਦੇ 17 ਸਾਲ ਦੇ ਓਸ਼ੀਮਾ ਤੇਤਸੁਯਾ ਨਾਲ ਭਿੜਨਗੇ। ਭਾਰਤ ਦੇ ਨੰਬਰ ਇਕ ਤੀਰਅੰਦਾਜ਼ ਅਤਨੂ ਦਾਸ ਹਾਲਾਂਕਿ ਮੈਕਸਿਕੋ ਦੇ 19 ਸਾਲ ਦੇ ਕਾਰਲੋਸ ਰੋਜਾਸ ਦੇ ਖਿਲਾਫ 3-7 ਦੀ ਹਾਰ ਨਾਲ ਪ੍ਰਤੀਯੋਗਿਤਾ ਤੋਂ ਬਾਹਰ ਹੋ ਗਏ।

ਦੁਨੀਆ ਦੀ ਸਾਬਕਾ ਨੰਬਰ ਇਕ ਦੀਪਿਕਾ ਨੇ ਪਹਿਲੇ ਦੌਰ 'ਚ ਕਿਰਗੀਸਤਾਨ ਦੀ ਜਿਬੇਕ ਕਿਜੀ ਜਿਬੇਕ ਨੂੰ 6-0 ਨਾਲ ਹਰਾਇਆ। ਦੂਜੇ ਦੌਰ 'ਚ ਦੀਪਿਕਾ ਨੂੰ ਹਾਲਾਂਕਿ 1992 ਬਾਰਸੀਲੋਨਾ ਓਲੰਪਿਕ ਦੀ ਕਾਂਸੀ ਤਮਗਾ ਜੇਤੂ 45 ਸਾਲ ਦੀ ਖਾਤੁਨਾ ਲੋਰਿਗ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੇ ਸ਼ੂਟਆਫ 'ਚ 6-5 ਨਾਲ ਜਿੱਤ ਦਰਜ ਕੀਤੀ। ਉਹ ਅਗਲੇ ਦੌਰ 'ਚ ਯੂਕ੍ਰੇਨ ਦੀ ਵੇਰੋਨਿਕਾ ਮਾਰਚੇਨਕੋ ਨਾਲ ਭਿੜੇਗੀ। ਲੈਸ਼ਰਾਮ ਬੋਮਬਾਯਲਾ ਦੇਵੀ ਵੀ ਅਗਲੇ ਦੌਰ 'ਚ ਜਗ੍ਹਾ ਬਣਾਉਣ 'ਚ ਸਫਲ ਰਹੀ।

Tarsem Singh

This news is Content Editor Tarsem Singh