ਡਬਲ ਟ੍ਰੈਪ ਨਿਸ਼ਾਨੇਬਾਜ਼ੀ ''ਚ ਅੰਕੁਰ-ਪ੍ਰਕਾਸ਼ ਨੇ ਸੋਨੇ ''ਤੇ ਵਿੰਨ੍ਹਿਆ ਨਿਸ਼ਾਨਾ

11/04/2017 12:06:21 AM

ਨਵੀਂ ਦਿੱਲੀ— ਵਿਸ਼ਵ ਦੇ ਨੰਬਰ-1 ਡਬਲ ਟ੍ਰੈਪ ਨਿਸ਼ਾਨੇਬਾਜ਼ ਅੰਕੁਰ ਮਿੱਤਲ ਨੇ ਆਸਟ੍ਰੇਲੀਆ ਦੇ ਬ੍ਰਿਸਬੇਨ 'ਚ ਚੱਲ ਰਹੀ ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਇਸ ਸਾਲ ਦੀ ਆਪਣੀ ਜ਼ਬਰਦਸਤ ਫਾਰਮ ਕਾਇਮ ਰੱਖਦੇ ਹੋਏ ਡਬਲ ਟ੍ਰੈਪ 'ਚ ਸੋਨ ਤਮਗੇ 'ਤੇ ਨਿਸ਼ਾਨਾ ਵਿੰਨ੍ਹ ਦਿੱਤਾ, ਜਦਕਿ ਪ੍ਰਕਾਸ਼ ਨੰਜੱਪਾ, ਅਮਨਪ੍ਰੀਤ ਸਿੰਘ ਅਤੇ ਜੀਤੂ ਰਾਏ ਦੀ ਭਾਰਤੀ ਤਿਕੜੀ ਨੇ ਪੁਰਸ਼ਾਂ ਦੇ 50 ਮੀਟਰ ਪਿਸਟਲ ਮੁਕਾਬਲੇ 'ਚ ਕਲੀਨ ਸਵੀਪ ਕਰ ਲਈ। ਪੁਰਸ਼ ਡਬਲ ਟ੍ਰੈਪ ਮੁਕਾਬਲੇ 'ਚ 3 ਭਾਰਤੀਆਂ ਨੇ ਫਾਈਨਲ ਲਈ ਕੁਆਲੀਫਾਈ ਕੀਤਾ। ਕੁਆਲੀਫਾਇੰਗ ਦੌਰ 'ਚ ਮੁਹੰਮਦ ਅਸਾਬ ਨੇ 150 'ਚੋਂ 140 ਦਾ ਸਕੋਰ ਕੀਤਾ ਅਤੇ ਤੀਸਰੇ ਸਥਾਨ 'ਤੇ ਰਿਹਾ। ਅੰਕੁਰ 138 ਦੇ ਸਕੋਰ ਨਾਲ 5ਵੇਂ ਅਤੇ ਸੰਗਰਾਮ 135 ਦੇ ਸਕੋਰ ਨਾਲ 6ਵੇਂ ਅਤੇ ਆਖਰੀ ਸਥਾਨ 'ਤੇ ਰਿਹਾ।
ਵਿਸ਼ਵ ਦੇ ਨੰਬਰ-1 ਡਬਲ ਟ੍ਰੈਪ ਨਿਸ਼ਾਨੇਬਾਜ਼ ਅੰਕੁਰ ਨੇ ਇੰਗਲੈਂਡ ਦੇ ਮੈਥਿਊ ਫ੍ਰੈਂਚ ਨੂੰ ਹਰਾ ਕੇ ਸੋਨ ਤਮਗਾ ਆਪਣੇ ਨਾਂ ਕੀਤਾ। ਅੰਕੁਰ ਨੇ ਇਸ ਸਾਲ ਆਪਣੇ ਕਰੀਅਰ ਦੇ ਸਰਵਸ੍ਰੇਸ਼ਠ ਅੰਤਰਾਸ਼ਟਰੀ ਸਾਲ 'ਚ ਇਕ ਹੋਰ ਨਗੀਨਾ ਜੋੜ ਲਿਆ। ਅੰਕੁਰ ਪਿਛਲੇ ਮਹੀਨੇ ਨਵੀਂ ਦਿੱਲੀ 'ਚ ਹੋਏ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ  ਫਾਈਨਲ 'ਚ ਡਬਲ ਟ੍ਰੈਪ ਵਿਚ ਚੌਥੇ ਸਥਾਨ 'ਤੇ ਰਿਹਾ ਸੀ। ਜਿਥੇ ਸੰਗਰਾਮ ਦਹੀਆ ਨੇ ਚਾਂਦੀ ਤਮਗਾ ਜਿੱਤਿਆ ਸੀ ਪਰ ਅੰਕੁਰ ਨੇ ਇਸ ਵਾਰ ਕਸਰ ਕੱਢਦੇ ਹੋਏ ਸੋਨ ਤਮਗਾ ਜਿੱਤ ਲਿਆ।
ਪੁਰਸ਼ਾਂ ਦੇ 50 ਮੀਟਰ ਪਿਸਟਲ ਮੁਕਾਬਲੇ 'ਚ ਨੰਜੱਪਾ ਨੇ ਹਮਵਤਨ ਖਿਡਾਰੀਆਂ ਅਮਨਪ੍ਰੀਤ ਸਿੰਘ ਤੇ ਜੀਤੂ ਰਾਏ ਨੂੰ ਪਛਾੜਦੇ ਹੋਏ ਸੋਨ ਤਮਗਾ ਜਿੱਤਿਆ। ਨੰਜੱਪਾ ਨੇ ਫਾਈਨਲ ਵਿਚ 222.4 ਦਾ ਸਕੋਰ ਕੀਤਾ, ਜਦਕਿ ਹਮਵਤਨ ਅਮਨਪ੍ਰੀਤ ਨੂੰ ਚਾਂਦੀ ਅਤੇ ਜੀਤੂ ਨੂੰ ਕਾਂਸੀ ਤਮਗਾ ਮਿਲਿਆ। 41 ਸਾਲਾ ਭਾਰਤੀ ਨਿਸ਼ਾਨੇਬਾਜ਼ ਨੰਜੱਪਾ ਦਾ ਇਹ ਪਹਿਲਾ ਸੋਨ ਤਮਗਾ ਹੈ। ਇਸ ਤੋਂ ਪਹਿਲਾਂ ਉਸ ਨੇ ਸਾਲ 2013 ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਅਤੇ 2014 ਇੰਚੀਓਨ ਏਸ਼ੀਆਈ ਖੇਡਾਂ 'ਚ ਕਾਂਸੀ ਤਮਗਾ ਜਿੱਤਿਆ ਸੀ। ਜੀਤੂ ਨੇ ਕੁਆਲੀਫਿਕੇਸ਼ਨ ਵਿਚ 559 ਦੇ ਸਕੋਰ ਨਾਲ ਚੋਟੀ ਦਾ ਸਥਾਨ ਹਾਸਿਲ ਕੀਤਾ। ਅਮਨਪ੍ਰੀਤ 543 ਨਾਲ ਤੀਜੇ ਅਤੇ ਪ੍ਰਕਾਸ਼ 542 ਨਾਲ ਸਥਾਨ ਚੌਥੇ ਸਥਾਨ 'ਤੇ ਸੀ।
ਇਸ ਤੋਂ ਪਹਿਲਾਂ ਭਾਰਤੀ ਪੁਰਸ਼ ਨਿਸ਼ਾਨੇਬਾਜ਼ਾਂ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਕਲੀਨ ਸਵੀਪ ਕੀਤੀ ਸੀ। ਸ਼ਹਿਜਾਰ ਰਿਜ਼ਵੀ ਨੇ ਸੋਨਾ, ਓਮਕਾਰ ਸਿੰਘ ਨੇ ਸੋਨਾ ਅਤੇ ਜੀਤੂ ਨੇ ਚਾਂਦੀ ਤਮਗਾ ਜਿੱਤਿਆ ਸੀ। ਭਾਰਤ ਮੁਕਾਬਲੇ 'ਚ ਹੁਣ ਤਕ ਕੁਲ 15 ਤਮਗੇ ਜਿੱਤ ਚੁੱਕਾ ਹੈ।