ਖਿਤਾਬਾਂ ਤੋਂ ਖੁੰਝੇ ਅੰਕਿਤਾ ਅਤੇ ਸੁਮਿਤ

05/29/2017 5:03:21 PM

ਨਵੀਂ ਦਿੱਲੀ— ਭਾਰਤੀ ਟੈਨਿਸ ਖਿਡਾਰੀ ਅੰਕਿਤਾ ਰੈਨਾ ਚੀਨ ਦੇ ਲੁਆਨ 'ਚ 60 ਹਜ਼ਾਰ ਡਾਲਰ ਦੀ ਇਨਾਮੀ ਰਕਮ ਵਾਲੇ ਆਈ.ਟੀ.ਐੱਫ. ਮਹਿਲਾ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਸਖਤ ਸੰਘਰਸ਼ ਦੇ ਬਾਅਦ ਚੋਟੀ ਦਾ ਦਰਜਾ ਪ੍ਰਾਪਤ ਝੂ ਲਿਨ ਦੇ ਹੱਥੋਂ ਹਾਰ ਕੇ ਖਿਤਾਬ ਤੋਂ ਖੁੰਝੀ ਗਈ। ਜਦਕਿ ਰੋਮਾਨੀਆ 'ਚ ਦਿੱਲੀ ਦੇ ਸੁਮਿਤ ਨਾਗਲ ਨੂੰ ਵੀ ਆਈ.ਟੀ.ਐੱਫ. ਟੂਰਨਾਮੈਂਟ ਫਾਈਨਲ 'ਚ ਹਾਰ ਮਿਲੀ। ਫੈਸਲਾਕੁੰਨ ਸੈੱਟ 'ਚ 0-5 ਨਾਲ ਪਿਛੜਨ ਦੇ ਬਾਅਦ 24 ਸਾਲਾ ਅੰਕਿਤਾ ਨੂੰ ਸਰਵ 'ਤੇ ਦੋ ਮੈਚ ਅੰਕਾਂ ਦਾ ਸਾਹਮਣਾ ਕਰਨਾ ਪਿਆ।
ਹਾਲਾਂਕਿ ਭਾਰਤੀ ਖਿਡਾਰੀ ਨੇ ਵਾਪਸੀ ਕਰਦੇ ਹੋਏ ਲਗਾਤਾਰ ਚਾਰ ਗੇਮ ਜਿੱਤੇ ਪਰ ਫਿਰ ਵੀ ਉਹ ਸਰਵਿਸ ਤੋਂ ਖੁੰਝੀ ਗਈ ਅਤੇ ਚੀਨੀ ਖਿਡਾਰਨ ਇਕ ਘੰਟੇ 25 ਮਿੰਟ 'ਚ 6-3, 3-6, 6-4 ਨਾਲ ਮਹਿਲਾ ਸਿੰਗਲ ਫਾਈਨਲ ਜਿੱਤਣ 'ਚ ਕਾਮਯਾਬ ਰਹੀ। ਅੰਕਿਤਾ ਨੇ ਰੋਮਾਂਚਕ ਮੁਕਾਬਲੇ 'ਚ 10 'ਚੋਂ 7 ਬ੍ਰੇਕ ਅੰਕਾਂ ਦਾ ਲਾਹਾ ਲਿਆ ਅਤੇ 20 'ਚੋਂ 12 ਵਾਰ ਸਰਵਿਸ ਬਚਾਈ। ਅੰਕਿਤਾ ਦਾ ਵਿਸ਼ਵ ਦੀ 124ਵੀਂ ਰੈਂਕਿੰਗ ਦੀ ਚੀਨੀ ਖਿਡਾਰਨ ਦੇ ਖਿਲਾਫ ਇਹ ਕਰੀਅਰ 'ਚ ਤੀਜਾ ਮੈਚ ਸੀ ਅਤੇ ਭਾਰਤੀ ਖਿਡਾਰਨ ਨੇ ਲਗਾਤਾਰ ਤੀਜੀ ਵਾਰ ਤਿੰਨ ਸੈਟਾਂ 'ਚ ਹੀ ਝੂ ਤੋਂ ਮੈਚ ਗੁਆ ਦਿੱਤਾ। ਦਿਲਚਸਪ ਹੈ ਕਿ ਭਾਰਤੀ ਚੀਨੀ ਖਿਡਾਰਨਾਂ ਤਿੰਨ 'ਚੋਂ ਦੋ ਵਾਰ ਫਾਈਨਲ 'ਚ ਭਿੜੀਆਂ ਹਨ। ਇਸ ਸੈਸ਼ਨ 'ਚ ਉਹ ਫੇਡ ਕੱਪ 'ਚ ਵੀ ਖੇਡ ਚੁੱਕੀ ਹੈ। 
ਇਸ ਤੋਂ ਇਲਾਵਾ ਡੇਵਿਸ ਕੱਪ ਖਿਡਾਰੀ ਸੁਮਿਤ ਨਾਗਲ ਰੋਮਾਨੀਆ ਦੇ ਬਕਾਊ 'ਚ 25 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਆਈ.ਟੀ.ਐੱਫ. ਪੁਰਸ਼ ਫਿਊਚਰਸ ਟੂਰ ਫਾਈਨਲ 'ਚ ਚੁਣਤੀ ਬਰਕਰਾਰ ਨਹੀਂ ਰਖ ਸਕੇ। ਪੁਰਸ਼ ਸਿੰਗਲ ਖਿਤਾਬੀ ਮੁਕਾਬਲੇ 'ਚ ਉਨ੍ਹਾਂ ਨੂੰ ਪੁਰਤਗਾਲ ਦੇ ਗੋਨਸਾਲੋ ਓਲੀਵੀਏਰਾ ਨੇ 3-6, 6-3, 6-0 ਨਾਲ ਹਰਾਇਆ। 19 ਸਾਲਾ ਸੁਮਿਤ ਨੇ ਹਾਲਾਂਕਿ ਚੰਗਾ ਖੇਡ ਦਿਖਾਇਆ ਅਤੇ ਪਹਿਲਾ ਸੈਟ 6-3 ਨਾਲ ਜਿੱਤ ਕੇ ਬੜ੍ਹਤ ਬਣਾਈ ਸੀ ਪਰ ਬਾਅਦ 'ਚ ਉਹ ਕਾਫੀ ਪਿਛੜ ਗਏ। ਸੁਮਿਤ ਨੇ ਮੋਢੇ ਦੀ ਸੱਟ ਦੇ ਬਾਅਦ ਪਿਛਲੇ ਮਹੀਨੇ ਹੀ ਟੈਨਿਸ 'ਚ ਵਾਪਸੀ ਕੀਤੀ ਹੈ।