ਰਾਸ਼ਟਰੀ ਰਿਕਾਰਡ ਬਣਾ ਕੇ ਚੌਥੇ ਸਥਾਨ ''ਤੇ ਰਿਹਾ ਅਨਸ

04/10/2018 10:29:01 PM

ਗੋਲਡ ਕੋਸਟ— ਭਾਰਤ ਦੇ ਮੁਹੰਮਦ ਅਨਸ ਯਾਹੀਆ ਨੇ 400 ਮੀਟਰ ਦੌੜ 'ਚ ਮੰਗਲਵਾਰ 45.31 ਸੈਕੰਡ ਦਾ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਪਰ ਉਹ ਚੌਥੇ ਸਥਾਨ 'ਤੇ ਰਹਿ ਗਿਆ, ਜਦਕਿ ਹਿਮਾ ਦਾਸ ਨੇ ਸ਼ਲਾਘਾਯੋਗ ਪ੍ਰਦਰਸ਼ਨ ਕਰਦਿਆਂ ਮਹਿਲਾਵਾਂ ਦੀ 400 ਮੀਟਰ ਦੌੜ ਦੇ ਫਾਈਨਲ 'ਚ ਜਗ੍ਹਾ ਬਣਾ ਲਈ। ਅਨਸ ਉਡਣਾ ਸਿੱਖ ਮਿਲਖਾ ਸਿੰਘ ਤੋਂ ਬਾਅਦ ਰਾਸ਼ਟਰਮੰਡਲ ਖੇਡਾਂ 'ਚ 400 ਮੀਟਰ ਦੇ ਫਾਈਨਲ 'ਚ ਪਹੁੰਚਣ ਵਾਲਾ ਪਹਿਲਾ ਭਾਰਤੀ ਬਣ ਗਿਆ ਸੀ। ਰਾਸ਼ਟਰੀ ਰਿਕਾਰਡਧਾਰੀ ਅਨਸ ਨੇ 45.44 ਸੈਕੰਡ ਦਾ ਸਮਾਂ ਲੈ ਕੇ ਆਪਣੀ ਸੈਮੀਫਾਈਨਲ ਹੀਟ ਜਿੱਤੀ ਸੀ। ਉਸ ਦੇ ਨਾਂ 45.32 ਸੈਕੰਡ ਰਾਸ਼ਟਰੀ ਰਿਕਾਰਡ ਸੀ, ਜਿਹੜਾ ਉਸ ਨੇ 2017 'ਚ ਦਿੱਲੀ ਵਿਚ ਬਣਾਇਆ ਸੀ। ਅਨਸ ਨੇ 45.21 ਸੈਕੰਡ ਦਾ ਸਮਾਂ ਲੈ ਕੇ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜ ਦਿੱਤਾ।
ਅਨਸ ਜੇਕਰ ਆਖਰੀ 25 ਮੀਟਰ 'ਚ ਥੋੜ੍ਹੀ ਤੇਜ਼ੀ ਦਿਖਾਉਂਦਾ ਤਾਂ ਉਹ ਕਾਂਸੀ ਤਮਗੇ ਤਕ ਪਹੁੰਚ ਸਕਦਾ ਸੀ। ਕਾਂਸੀ ਤਮਗਾ ਜਿੱਤਣ ਵਾਲੇ ਜਮਾਇਕਾ ਦੇ ਜੇਵੋਨ ਫ੍ਰਾਂਸਿਸ ਨੇ 45.11 ਸੈਕੰਡ ਦਾ ਸਮਾਂ ਲਿਆ। ਭਾਰਤੀ ਮਹਿਲਾ ਐਥਲੀਟ ਹਿਮਾ ਨੇ 400 ਮੀਟਰ ਸੈਮੀਫਾਈਨਲ ਦੀ ਪਹਿਲੀ ਹੀਟ 'ਚ 51.52 ਸੈਕੰਡ ਦਾ ਨਿੱਜੀ ਤੌਰ 'ਤੇ ਸਰਵਸ੍ਰੇਸ਼ਠ ਸਮਾਂ ਕੱਢਦੇ ਹੋਏ ਤੀਜਾ ਸਥਾਨ ਹਾਸਲ ਕੀਤਾ। ਤਿੰਨ ਸੈਮੀਫਾਈਨਲ ਹੀਟ 'ਚ ਪਹਿਲੀਆਂ ਦੋ ਚੋਟੀ ਦੀਆਂ ਦੌੜਾਕਾਂ ਨੂੰ ਸਿੱਧੇ ਫਾਈਨਲ ਵਿਚ ਐਂਟਰੀ ਮਿਲੀ, ਜਦਕਿ ਇਸ ਤੋਂ ਬਾਅਦ ਦੋ ਸਰਵਸ੍ਰੇਸ਼ਠ ਸਮੇਂ ਕੱਢਣ ਵਾਲੀਆਂ ਦੌੜਾਕਾਂ ਨੂੰ ਵੀ ਫਾਈਨਲ 'ਚ ਜਗ੍ਹਾ ਮਿਲੀ। ਹਿਮਾ ਨੇ ਇਸ ਤਰ੍ਹਾਂ ਇਨ੍ਹਾਂ ਦੋ ਦੌੜਾਕਾਂ 'ਚ ਜਗ੍ਹਾ ਬਣਾਉਂਦਿਆਂ ਫਾਈਨਲ ਲਈ ਕੁਆਲੀਫਾਈ ਕਰ ਲਿਆ।