ਅਸ਼ਵਿਨ ਦੇ KXIP ਤੋਂ ਬਾਹਰ ਹੋਣ ''ਤੇ ਕੁੰਬਲੇ ਨੇ ਦਿੱਤਾ ਇਹ ਬਿਆਨ

11/09/2019 12:58:57 PM

ਸਪੋਰਟਸ ਡੈਸਕ— ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਰਹਿ ਚੁੱਕੇ ਆਰ. ਅਸ਼ਵਿਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਅਗਲੇ ਸੀਜ਼ਨ 'ਚ ਦਿੱਲੀ ਕੈਪੀਟਲਸ ਲਈ ਖੇਡਣਗੇ। ਦੋਹਾਂ ਫ੍ਰੈਂਚਾਈਜ਼ੀ ਟੀਮਾਂ ਵਿਚਾਲੇ ਹੋਈ ਡੀਲ ਮੁਤਾਬਕ ਅਸ਼ਵਿਨ ਦੇ ਬਦਲੇ 'ਚ ਦਿੱਲੀ ਕੈਪੀਟਲਸ ਕਿੰਗਜ਼ ਇਲੈਵਨ ਪੰਜਾਬ ਨੂੰ 1.5 ਕਰੋੜ ਰੁਪਏ ਦੇਵੇਗਾ ਅਤੇ ਨਾਲ ਹੀ ਆਲਰਾਊਂਡਰ ਜਗਦੀਸ਼ ਸੂਚਿਤ ਵੀ ਹੁਣ ਕਿੰਗਜ਼ ਇਲੈਵਨ ਪੰਜਾਬ ਲਈ ਖੇਡਣਗੇ। ਹਾਲ ਹੀ 'ਚ ਕਿੰਗਜ਼ ਇਲੈਵਨ ਪੰਜਾਬ ਦੇ ਡਾਇਰੈਕਟਰ ਆਫ ਕ੍ਰਿਕਟ ਆਪਰੇਸ਼ਨਸ ਅਤੇ ਹੈੱਡ ਕੋਚ ਅਨਿਲ ਕੁੰਬਲੇ ਨੇ ਅਸ਼ਵਿਨ ਨੂੰ ਲੈ ਕੇ ਕੁਝ ਅਹਿਮ ਗੱਲਾਂ ਕਹੀਆਂ ਹਨ।

ਕੁੰਬਲੇ ਨੇ ਇਸ ਫੈਸਲੇ ਨੂੰ ਲੈ ਕੇ ਕਿਹਾ, ''ਇਹ ਰਵੀਚੰਦਰਨ ਅਸ਼ਵਿਨ ਲਈ ਅਹਿਮ ਸੀ ਕਿ ਉੁਹ ਕਿੰਗਜ਼ ਇਲੈਵਨ ਪੰਜਾਬ ਨਾਲ ਜੁੜੇ ਰਹਿਣ, ਪਰ ਹੁਣ ਸਮਾਂ ਆ ਗਿਆ ਕਿ ਅਸੀਂ ਅਗਲੇ ਕਦਮ ਬਾਰੇ ਸੋਚੀਏ। ਆਕਸ਼ਨ ਦੇ ਦੌਰਾਨ ਅਸੀਂ ਟੀਮ ਨੂੰ ਹੋਰ ਮਜ਼ਬੂਤ ਬਣਾਉਣ 'ਤੇ ਧਿਆਨ ਦੇਵਾਂਗੇ, ਜਿਸ ਨਾਲ ਕਿ ਅਸੀਂ ਆਈ. ਪੀ. ਐੱਲ. ਦੇ ਨਵੇਂ ਸੀਜ਼ਨ 'ਚ ਪੂਰੇ ਸੰਤੁਲਨ ਨਾਲ ਟੀਮ ਦੇ ਨਾਲ ਉਤਰੀਏ।''

ਕੁੰਬਲੇ ਨੇ ਅੱਗੇ ਕਿਹਾ, ''ਪਿਛਲੇ ਦੋ ਸਾਲਾਂ 'ਚ ਉਨ੍ਹਾਂ ਨੇ ਟੀਮ ਨੂੰ ਜੋ ਵੀ ਯੋਗਦਾਨ ਦਿੱਤਾ ਹੈ, ਅਸੀਂ ਉਸ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ।'' ਅਸ਼ਵਿਨ ਨੇ ਕਿੰਗਜ਼ ਇਲੈਵਨ ਪੰਜਾਬ ਲਈ 28 ਮੈਚ ਖੇਡੇ ਹਨ ਅਤੇ 25 ਵਿਕਟ ਲਏ ਹਨ, ਉਨ੍ਹਾਂ ਦਾ ਬੈਸਟ ਬਾਲਿੰਗ ਫਿਗਰ 3/23 ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਬੱਲੇ ਨਾਲ ਵੀ ਯੋਗਦਾਨ ਦਿੱਤਾ ਹੈ। ਅਸ਼ਵਿਨ ਨੇ ਇਸ ਦੌਰਾਨ 144 ਦੌੜਾਂ ਬਣਾਈਆਂ ਹਨ ਅਤੇ ਟੀਮ ਨੂੰ 12 ਜਿੱਤ ਦਿਵਾਈਆਂ ਹਨ।

Tarsem Singh

This news is Content Editor Tarsem Singh