ਧੋਨੀ ਦੇ ਰਨਆਊਟ 'ਤੇ ਵੀਡੀਓ ਪੋਸਟ ਕਰ ਫੱਸਿਆ ICC, ਪ੍ਰਸ਼ੰਸਕਾਂ ਨੇ ਕੱਢੀ ਭਡ਼ਾਸ (Video)

07/11/2019 5:15:39 PM

ਮੈਨਚੈਸਟਰ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਆਈ. ਸੀ. ਸੀ. ਵਰਲਡ ਕੱਪ ਸੈਮੀਫਾਈਨਲ ਵਿਚ ਮਹਿੰਦਰ ਸਿੰਘ ਧੋਨੀ ਦੇ ਰਨਆਊਟ ਹੋਣ ਤੋਂ ਬਾਅਦ ਆਈ. ਸੀ. ਸੀ. ਦੀ ਇਕ ਵੀਡੀਓ ਪੋਸਟ ਕਰਨ ਨੂੰ ਲੈ ਕੇ ਦੋਨੀ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਭੜਕ ਗਏ ਹਨ। ਮੈਚ ਦੇ ਮਹੱਤਵਪੂਰਨ ਮੋੜ 'ਤੇ ਮਾਰਟਿਨ ਗੁਪਟਿਲ ਵੱਲੋਂ ਧੋਨੀ ਦੇ ਰਨਆਊਟ ਹੋਣ ਦੇ ਬਾਅਦ ਆਈ. ਸੀ. ਸੀ. ਨੇ ਸੋਸ਼ਲ ਮੀਡੀਆ 'ਤੇ ਉਸਦਾ ਵੀਡੀਓ ਪੋਸਟ ਕਰਦਿਆਂ ਲਿਖਿਆ 'ਹਾਸਤਾ ਲਾ ਵਿਸਤਾ' ਜਿਸ ਤੋਂ ਬਾਅਦ ਧੋਨੀ ਦੇ ਪ੍ਰਸ਼ੰਸਕ ਬੇਹੱਦ ਨਾਰਾਜ਼ ਹੋ ਗਏ ਹਨ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਈ. ਸੀ. ਸੀ. ਦੀ ਆਲੋਚਨਾ ਕੀਤੀ।

ਜ਼ਿਕਰਯੋਗ ਹੈ ਕਿ 'ਹਾਸਤਾ ਲਾ ਵਿਸਤਾ' ਟਰਮੀਨੇਟਰ ਸੀਰੀਜ਼ ਦਾ ਇਕ ਡਾਇਲਗ ਹੈ। ਆਈ. ਸੀ. ਸੀ. ਦੀ ਆਲੋਚਨਾ ਕਰਦਿਆਂ ਇਕ ਪ੍ਰਸ਼ੰਸਕ ਨੇ ਲਿਖਿਆ ਕਿ ਅਜਿਹਾ ਲੱਗ ਰਿਹਾ ਹੈ ਕਿ ਭਾਰਤ ਦੇ ਬਾਹਰ ਹੋਣ ਦੀ ਆਈ. ਸੀ. ਸੀ. ਨੂੰ ਸਭ ਤੋਂ ਵੱਧ ਖੁਸ਼ੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ, '' ਆਈ. ਸੀ. ਸੀ. ਕਿਰਪਾ ਕਰ ਕੇ ਅਜਿਹੀ ਗੱਲ ਨਾ ਲਿਖੋ ਜਿਸ ਨਾਲ ਦੁੱਖ ਲੱਗੇ। ਹੁਣ ਅਸੀਂ ਹੋਰ ਬਰਦਾਸ਼ਤ ਨਹੀਂ ਕਰ ਸਕਦੇ।'' ਦੱਸ ਦਈਏ ਕਿ ਭਾਰਤ ਨੂੰ ਜਿੱਤ ਲਈ 10 ਗੇਂਦਾਂ ਵਿਚ 25 ਦੌੜਾਂ ਦੀ ਜ਼ਰੂਰਤ ਸੀ ਉਸੇ ਸਮੇਂ ਧੋਨੀ ਦੂਜੀ ਦੌੜ ਲੈਣ ਦੀ ਕੋਸ਼ਿਸ਼ ਵਿਚ ਰਨਆਊਟ ਹੋ ਗਏ ਅਤੇ ਉਸਦੇ ਆਊਟ ਹੋਣ ਤੋਂ ਬਾਅਦ ਭਾਰਤ ਦੀ ਰਹਿੰਦੀ ਉਮੀਦ ਵੀ ਬਿਲਕੁਲ ਖਤਮ ਹੋ ਗਈ ਅਤੇ ਭਾਰਤ ਨੂੰ 18 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।