ਵਿਵਾਦਤ ਰਨ-ਆਊਟ ਤੋਂ ਬਾਅਦ ਗੁੱਸੇ ''ਚ ਦਿਸੇ ਬਟਲਰ, ਨਹੀਂ ਮਿਲਾਇਆ ਅਸ਼ਵਿਨ ਨਾਲ ਹੱਥ (Video)

03/26/2019 3:14:09 PM

ਨਵੀਂ ਦਿੱਲੀ : ਆਈ. ਪੀ. ਐੱਲ. ਵਿਚ ਸੋਮਵਾਰ ਨੂੰ ਆਰ. ਅਸ਼ਵਿਨ ਦੀ ਅਗਵਾਈ ਵਾਲੀ ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਸ ਨੂੰ ਉਸ ਦੇ ਘਰ ਵਿਚ ਹਰਾਇਆ। ਇਕ ਸਮੇਂ ਆਸਾਨੀ ਨਾਲ ਜਿੱਤ ਵੱਲ ਵੱਧ ਰਹੀ ਰਾਜਸਥਾਨ ਜੋਸ ਬਟਲਰ ਦੇ ਵਿਵਾਦਤ ਰਨ-ਆਊਟ ਤੋਂ ਬਾਅਦ ਪੂਰੀ ਤਰ੍ਹਾਂ ਮੈਚ ਤੋਂ ਬਾਹਰ ਹੋ ਗਈ। ਇਸ ਨੂੰ ਲੈ ਕੇ ਵਿਵਾਦ ਇੰਨਾ ਵੱਧ ਗਿਆ ਕਿ ਮੈਚ ਤੋਂ ਬਾਅਦ ਦੋਵਾਂ ਖਿਡਾਰੀਆਂ ਨੇ ਇਕ-ਦੂਜੇ ਨਾਲ ਹੱਥ ਤੱਕ ਨਹੀਂ ਮਿਲਾਇਆ। 13ਵੇਂ ਓਵਰ ਦੀ ਆਖਰੀ ਗੇਂਦ 'ਤੇ ਜਦੋਂ ਅਸ਼ਵਿਨ ਗੇਂਦਬਾਜ਼ੀ ਕਰ ਰਹੇ ਸੀ ਤਦ ਰਾਜਸਥਾਨ ਦੀ ਟੀਮ ਇਕ ਵਿਕਟ ਦੇ ਨੁਕਸਾਨ 'ਤੇ 108 ਦੌੜਾਂ ਬਣਾ ਕੇ ਖੇਡ ਰਹੀ ਸੀ। ਕ੍ਰੀਜ਼ 'ਤੇ ਸੰਜੂ ਸੈਮਸਨ (12) ਅਤੇ ਜੋਸ ਬਟਲਰ 43 ਗੇਂਦਾਂ 69 ਦੌੜਾਂ ਬਣਾ ਕੇ ਨਾਨ ਸਟ੍ਰਾਈਕ 'ਤੇ ਖੜੇ ਸੀ। ਤਦ ਅਸ਼ਵਿਨ ਨੇ ਗੇਂਦ ਕਰਨ ਦੌਰਾਨ ਬਟਲਰ ਨੂੰ ਕ੍ਰੀਜ਼ ਤੋਂ ਬਾਹਰ ਨਿਕਲਦੇ ਦੇਖ ਲਿਆ ਅਤੇ ਗੇਂਦ ਨਾ ਸੁੱਟ ਕੇ ਚਾਲਾਕੀ ਨਾਲ ਰਨ-ਆਊਟ (ਮਾਂਕਡਿੰਗ ਆਊਟ) ਕਰ ਦਿੱਤਾ।

ਮੈਚ ਤੋਂ ਬਾਅਦ ਪੰਜਾਬ ਦੇ ਕਪਤਾਨ ਅਸ਼ਵਿਨ ਨੇ ਬਟਲਰ ਦੇ ਰਨ-ਆਊਟ 'ਤੇ ਕਿਹਾ, ''ਮੈਦਾਨ 'ਤੇ ਇਸ ਗੱਲ ਨੂੰ ਲੈ ਕੇ ਬਹਿਸ ਹੋਣੀ ਸੁਭਾਵਕ ਸੀ। ਬਟਲਰ ਕ੍ਰੀਜ਼ ਤੋਂ ਲਗਾਤਾਰ ਬਾਹਰ ਨਿਕਲ ਰਹੇ ਸੀ। ਮੇਰੇ ਗੇਂਦ ਸੁੱਟਣ ਤੋਂ ਪਹਿਲਾਂ ਹਰ ਵਾਰ ਅਜਿਹਾ ਕਰ ਰਹੇ ਸੀ। ਬਟਲਰ ਨੇ ਗੇਂਦਬਾਜ਼ੀ ਸਮੇਂ ਇਕ ਵਾਰ ਵੀ ਮੇਰੇ ਵੱਲ ਨਹੀਂ ਦੇਖਿਆ ਸੀ। ਉਸ ਦਾ ਵਿਕਟ ਸਾਡੀ ਟੀਮ ਲਈ ਗੇਮ ਚੇਂਜਰ ਪੁਆਈਂਟ ਸਾਬਤ ਹੋਇਆ।''

ਉੱਥੇ ਹੀ ਰਾਜਸਥਾਨ ਦੇ ਕਪਤਾਨ ਅਜਿੰਕਯ ਰਹਾਨੇ ਨੇ ਕਿਹਾ, ''ਸਾਡੀ ਟੀਮ ਦੇ ਬੱਲੇਬਾਜ਼ਾਂ ਨੇ ਚੰਗੀ ਬੱਲੇਬਾਜ਼ੀ ਕੀਤੀ। ਬਟਲਰ ਨੇ ਵਿਵਾਦਤ ਰਨ-ਆਊਟ ਦੀ ਵਜ੍ਹਾ ਨਾਲ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਇਸ ਬਾਰੇ ਮੈਂ ਕੋਈ ਹੋਰ ਟਿੱਪਣੀ ਨਹੀਂ ਕਰਨਾ ਚਾਹੁੰਦਾ। ਅਸੀਂ ਅੰਪਾਇਰ ਦੇ ਫੈਸਲੇ ਦਾ ਸਨਮਾਨ ਕਰਦੇ ਹਾਂ।''

ਇਸ ਵਿਵਾਦਤ ਰਨ—ਆਊਟ ਦਾ ਸ਼ਿਕਾਰ ਹੋਏ ਬਟਲਰ ਦਾ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ। ਮੈਚ ਤੋਂ ਬਾਅਦ ਪੰਜਾਬ ਵੱਲੋਂ ਤੂਫਾਨੀ ਪਾਰੀ ਖੇਡਣ ਵਾਲੇ ਕੈਰੇਬੀਆਈ ਬੱਲੇਬਾਜ਼ ਕ੍ਰਿਸ ਗੇਲ ਨੂੰ 'ਮੈਨ ਆਫ ਦਿ ਮੈਚ' ਖਿਤਾਬ ਨਾਲ ਨਵਾਜਿਆ ਗਿਆ।