ਪ੍ਰਸ਼ੰਸਕਾਂ ਵੱਲੋਂ ਸੁਪਰ ਹੀਰੋ ਕਹਿਣ ''ਤੇ ਆਂਦਰੇ ਰਸੇਲ ਨੇ ਇਸ ਤਰ੍ਹਾਂ ਜਤਾਈ ਖੁਸ਼ੀ

04/29/2019 2:22:23 PM

ਕੋਲਕਾਤਾ : ਆਂਦਰੇ ਰਸੇਲ ਅਤੇ ਅਵੇਂਜਰਜ਼ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ ਪਰ ਆਈ. ਪੀ. ਐੱਲ. ਵਿਚ ਆਪਣੀਆਂ ਧਮਾਕੇਦਾਰ ਪਾਰੀਆਂ ਕਾਰਨ ਇਸ ਕੈਰੇਬੀਆਈ ਆਲਰਾਊਂਡਰ ਨੂੰ ਵੀ ਆਪਣੇ ਪਸੰਦੀਦਾ ਨਾਇਕਾਂ ਦੀ ਤਰ੍ਹਾਂ 'ਸੁਪਰ ਹੀਰੋ' ਕਹਿਲਾਉਣ ਵਿਚ ਖੁਸ਼ੀ ਹੁੰਦੀ ਹੈ। ਅਵੇਂਜਰਜ਼ ਦੀ ਸੀਰੀਜ਼ ਨੇ ਵਿਸ਼ਵ ਭਰ ਵਿਚ ਧੂਮ ਮਚਾ ਰੱਖੀ ਹੈ ਪਰ ਰਸੇਲ ਜਿਸ ਤਰ੍ਹਾਂ ਨਾਲ ਸ਼ਾਟ ਮਾਰਦੇ ਹਨ ਉਹ ਵੀ ਹੈਰਨੀਜਨਕ ਹੁੰਦੇ ਹਨ। ਇਸ ਲਈ ਹੁਣ ਫੈਨ ਵੀ ਉਸ ਨੂੰ ਅਵੇਂਜਰਜ਼ ਦੀ ਤਰ੍ਹਾਂ ਸੁਪਰ ਹੀਰੋ ਕਹਿਣ ਲੱਗੇ ਹਨ।

ਵਿੰਡੀਜ਼ ਦੇ ਇਸ ਆਲਰਾਊਂਡਰ ਦੀ ਧਮਾਕੇਦਾਰ ਪਾਰੀ ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੇ ਐਤਵਾਰ ਨੂੰ ਆਈ. ਪੀ. ਐੱਲ. ਵਿਚ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਹਾਰ ਦਾ ਸਿਲਸਿਲਾ ਤੋੜਿਆ। ਰਸੇਲ ਨੇ ਮੈਚ ਤੋਂ ਬਾਅਦ ਕਿਹਾ, ''ਹਾਂ ਮੈਂ ਵੀ ਅਵੇਂਜਰਜ਼ ਦਾ ਫੈਨ ਹਾਂ। ਮੈਂ ਕੁਝ ਸਮੇਂ ਤੋਂ ਇਸ ਨੂੰ ਦੇਖ ਰਿਹਾ ਹਾਂ। ਜੇਕਰ ਪ੍ਰਸ਼ੰਸਕ ਕਹਿੰਦੇ ਹਨ ਕਿ ਮੈਂ ਸੁਪਰ ਹੀਰੋ ਹਾਂ ਤਾਂ ਮੈਂ ਖੁਸ਼ ਹਾਂ।'' ਇਸ ਤੋਂ ਬਾਅਦ ਉਸ ਨੇ ਕਿਹਾ ਕਿ ਹੱਥ ਅਤੇ ਅੱਖਾਂ ਦਾ ਤਾਲਮੇਲ, ਬੱਲੇ ਦੀ ਚੰਗੀ ਰਫਤਾਰ ਅਤੇ ਸੰਤੁਲਨ ਮਹੱਤਵਪੂਰਨ ਹੁੰਦਾ ਹੈ। ਮੈਂ ਆਪਣੇ ਮੋਢਿਆਂ ਨਾਲ ਕਾਫੀ ਤਾਕਤ ਪੈਦਾ ਕਰਦਾ ਹਾਂ। ਇਸ ਤਰ੍ਹਾਂ ਦੇ ਸ਼ਾਟ ਖੇਡਣ ਲਈ ਤੁਹਾਡੇ ਸਰੀਰ ਦਾ ਫਿਟ ਅਤੇ ਮਜ਼ਬੂਤ ਹੋਣਾ ਜ਼ਰੂਰੀ ਹੈ।