ਆਨੰਦ ਨੇ ਸਿਨਕਿਊਫੀਲਡ ਕੱਪ ਦੇ ਪਹਿਲੇ ਦੌਰ ''ਚ ਨਕਾਮੂਰਾ ਨਾਲ ਡਰਾਅ ਖੇਡਿਆ

08/03/2017 5:04:12 PM

ਸੇਂਟ ਲੁਈਸ— ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਸਿਨਕਿਊਫੀਲਡ ਕੱਪ ਸ਼ਤਰੰਜ ਦੇ ਪਹਿਲੇ ਦੌਰ 'ਚ ਅਮਰੀਕਾ ਦੇ ਹਿਕਾਰੂ ਨਕਾਮੂਰਾ ਨਾਲ ਡਰਾਅ ਖੇਡਿਆ। ਪਿਛਲੇ ਕੁਝ ਸਾਲਾਂ 'ਚ ਕਲਾਸਿਕਲ ਸ਼ਤਰੰਜ 'ਚ ਨਕਾਮੂਰਾ ਨੇ ਆਨੰਦ ਨੂੰ ਕਾਫੀ ਪਰੇਸ਼ਾਨ ਕੀਤਾ ਹੈ। ਆਨੰਦ ਨੇ ਹਮਲਾਵਰ ਹੋਣ ਦੀ ਬਜਾਏ ਰੱਖਿਆਤਮਕ ਖੇਡ ਦਿਖਾਈ ਅਤੇ ਨਤੀਜਾ 30 ਚਾਲਾਂ ਦੇ ਬਾਅਦ ਡਰਾਅ ਰਿਹਾ।

ਟੂਰਨਾਮੈਂਟ ਦੇ ਪਹਿਲੇ ਦੌਰ 'ਚ ਤਿੰਨ ਬਾਜ਼ੀਆਂ ਦੇ ਨਤੀਜੇ ਨਿਕਲੇ। ਰੂਸ ਦੇ ਸਰਜੇਈ ਕਰਜ਼ਾਕਿਨ ਨੇ ਹਮਵਤਨ ਪੀਟਰ ਸਵਿਡਲਰ ਨੂੰ ਹਰਾਇਆ ਜਦਕਿ ਅਰਮੇਨੀਆ ਦੇ ਲੇਵੋਨ ਆਰੋਨੀਅਨ ਨੇ ਰੂਸ ਦੇ ਇਯਾਨ ਐੱਨ ਨੂੰ ਹਰਾਇਆ। ਫਰਾਂਸ ਦੇ ਗ੍ਰੈਂਡਮਾਸਟਰ ਮੈਕਸਿਮ ਵਾਚੀਯੇਰ ਲਾਗ੍ਰੇਵ ਨੇ ਅਮਰੀਕਾ ਦੇ ਵੇਸਲੇ ਸੋਅ ਨੂੰ ਹਰਾਇਆ ਜਦਕਿ ਅਮਰੀਕਾ ਦੇ ਫੇਬੀਆਨੋ ਕਾਰੂਆਨਾ ਅਤੇ ਨਾਰਵੇ ਦੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਦੀ ਬਾਜ਼ੀ ਡਰਾਅ ਰਹੀ। ਵਾਚੀਏਰ ਲਾਗ੍ਰਵੇ, ਕਰਜ਼ਾਕਿਨ ਅਤੇ ਆਰੋਨੀਅਨ ਨੇ 10 ਖਿਡਾਰੀਆਂ ਦੇ ਰਾਊਂਡ ਰੋਬਿਨ ਟੂਨਰਾਮੈਂਟ 'ਚ ਬੜ੍ਹਤ ਬਣਾ ਲਈ ਹੈ ਜਦਕਿ ਆਨੰਦ, ਨਕਾਮੂਰਾ, ਕਾਰਲਸਨ ਅਤੇ ਕਾਰੂਆਨਾ ਦੂਜੇ ਸਥਾਨ 'ਤੇ ਰਹੇ ਹਨ।