ਭਾਰਤੀ ਮਹਿਲਾ ਕਬੱਡੀ ਟੀਮ ਦੀ ਸਾਬਕਾ ਕਪਤਾਨ ਨੂੰ ਕਾਰ ਨਾਲ ਕੁਚਲਣ ਦੀ ਕੀਤੀ ਕੋਸ਼ਿਸ਼

10/05/2017 1:42:34 PM

ਗੁਰੂਗ੍ਰਾਮ(ਬਿਊਰੋ)— ਦੇਸ਼ ਦੀ ਮਹਿਲਾ ਕਬੱਡੀ ਟੀਮ ਦੀ ਸਾਬਕਾ ਕਪਤਾਨ ਅਤੇ ਪਦਮਸ਼੍ਰੀ ਐਵਾਰਡ, ਦਰੋਣਾਚਾਰੀਆ ਐਵਾਰਡ ਨਾਲ ਸਨਮਾਨਤ ਸੁਨੀਲ ਡਬਾਸ ਉੱਤੇ ਕੁਝ ਲੋਕਾਂ ਨੇ ਗੱਡੀ ਚੜਾ ਕੇ ਕੁਚਲਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਬਹੁਤ ਮੁਸ਼ਕਲ ਤੋਂ ਆਪਣੀ ਜਾਨ ਬਚਾਈ। ਫਿਲਹਾਲ ਸੁਨੀਲ ਡਬਾਸ ਮੇਦਾਂਤਾ ਹਸਪਤਾਲ ਵਿੱਚ ਭਰਤੀ ਹੈ। ਜਿਸ ਗੱਡੀ ਨਾਲ ਉਨ੍ਹਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਹੈ ਉਸਦੀ ਨੰਬਰ ਪਲੇਟ ਚੰਡੀਗੜ੍ਹ ਦੀ ਹੈ। ਮਾਮਲੇ ਦੀ ਸੂਚਨਾ ਗੁਰੂਗ੍ਰਾਮ ਪੁਲਸ ਨੂੰ ਦੇ ਦਿੱਤੀ ਗਈ ਹੈ ਪਰ ਸੁਨੀਲ ਸਦਮੇ ਵਿਚ ਆ ਗਈ ਹੈ।

ਸੁਨੀਲ ਡਬਾਸ ਦਾ ਕਹਿਣਾ ਹੈ ਕਿ ਉਹ 20 ਮਿੰਟ ਤੱਕ ਸਾਰਿਆਂ ਨੂੰ ਫੋਨ ਕਰਦੀ ਰਹੀ, ਕੋਈ ਤੁਰੰਤ ਮਦਦ ਨੂੰ ਨਹੀਂ ਆਇਆ। ਇਹ ਘਟਨਾ ਲਘੂ ਸਕੱਤਰੇਤ ਕੋਲ ਹੋਈ ਹੈ। ਉਨ੍ਹਾਂ ਨੇ ਕਿਹਾ ਜੇਕਰ ਉਹ ਐਥਲੀਟ ਨਾ ਹੁੰਦੀ ਤਾਂ ਗੱਡੀ ਉਸਨੂੰ ਕੁਚਲ ਕੇ ਨਿਕਲ ਜਾਂਦੀ। ਡਬਾਸ ਨੇ ਦੱਸਿਆ ਕਿ ਆਰੋਪੀਆਂ ਨੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਕੁਚਲਣ ਵਾਲੇ ਲੋਕਾਂ ਦੇ ਵਾਹਨ ਦੀ ਨੰਬਰ ਪਲੇਟ ਚੰਡੀਗੜ੍ਹ ਦੀ ਸੀ ਅਤੇ ਉਸ ਵਿੱਚ ਕਈ ਬਾਊਂਸਰ ਬੈਠੇ ਸਨ। ਮੰਨਿਆ ਜਾ ਰਿਹਾ ਹੈ ਕਿ ਸੁਨੀਲ ਡਬਾਸ ਨੇ ਸਰਕਾਰੀ ਜਗ੍ਹਾ ਉੱਤੇ ਮਲਬਾ ਸੁੱਟਣ ਦਾ ਵਿਰੋਧ ਕੀਤਾ ਸੀ। ਵਿਰੋਧ ਕਰਨ ਉੱਤੇ ਉਨ੍ਹਾਂ ਨੂੰ ਗੱਡੀ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਗਈ।