ਅੰਬਾਤੀ ਰਾਇਡੂ ਨੇ ਲਿਆ ਫਰਸਟ ਕਲਾਸ ਕ੍ਰਿਕਟ ਤੋਂ ਸੰਨਿਆਸ

11/04/2018 9:30:57 AM

ਨਵੀਂ ਦਿੱਲੀ— ਅਕਸਰ ਫਟਾਫਟ ਕ੍ਰਿਕਟ ਅਤੇ ਫਿਰ ਵਨ ਡੇ ਕ੍ਰਿਕਟ ਲਈ ਖਿਡਾਰੀਆਂ ਦੇ ਆਪਣੇ ਟੈਸਟ ਕ੍ਰਿਕਟ ਕਰੀਅਰ ਨੂੰ ਕੁਰਬਾਨ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹੇ ਕ੍ਰਿਕਟਰਾਂ ਦੀ ਲਿਸਟ 'ਚ ਹੁਣ ਇਕ ਨਾਂ ਹੋਰ ਜੁੜ ਗਿਆ ਹੈ। ਇਹ ਨਾਂ ਹੈ ਭਾਰਤ ਦੇ ਬੱਲੇਬਾਜ਼ ਅੰਬਾਤੀ ਰਾਇਡੂ ਦਾ। 33 ਸਾਲਾ ਰਾਇਡੂ ਨੇ ਆਪਣੇ ਵਨਡੇ ਅਤੇ ਟੀ-20 ਕ੍ਰਿਕਟ ਨੂੰ ਲੰਬਾ ਖਿੱਚਣ ਲਈ ਫਰਸਟ ਕਲਾਸ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਰਾਇਡੂ ਨੇ ਆਪਣੀ ਟੀਮ ਅਰਥਾਤ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਨੂੰ ਚਿੱਠੀ ਲਿਖ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਉਹ ਫਰਸਟ ਕਲਾਸ ਕ੍ਰਿਕਟ ਦਾ ਹਿੱਸਾ ਨਹੀਂ ਹੋਣਗੇ। ਭਾਵ ਉਹ ਹੁਣ ਰਣਜੀ ਟਰਾਫੀ 'ਚ ਖੇਡਦੇ ਨਹੀਂ ਦਿਸਣਗੇ। ਰਾਇਡੂ 2013-14 'ਚ ਸਾਊਥ ਅਫਰੀਕਾ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਦੇ ਖਿਲਾਫ ਭਾਰਤੀ ਟੈਸਟ ਟੀਮ ਦਾ ਹਿੱਸਾ ਸਨ ਪਰ ਉਹ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਬਣ ਸਕੇ ਸਨ।

ਰਾਇਡੂ ਨੂੰ ਭਾਰਤੀ ਕ੍ਰਿਕਟ 'ਚ ਵਨ ਡੇ ਅਤੇ ਟੀ-20 ਕ੍ਰਿਕਟ ਦਾ ਸਪੈਸ਼ਲਿਸਟ ਮੰਨਿਆ ਜਾਂਦਾ ਹੈ। ਇਸ ਸਾਲ ਆਈ.ਪੀ.ਐੱਲ. 'ਚ ਜ਼ੋਰਦਾਰ ਪ੍ਰਦਰਸ਼ਨ ਕਰਨ ਦੇ ਬਾਅਦ ਉਨ੍ਹਾਂ ਨੂੰ ਇੰਗਲੈਂਡ ਦੌਰੇ ਲਈ ਚੁਣਿਆ ਗਿਆ ਸੀ ਪਰ ਉਹ ਫਿੱਟਨੈਸ ਲਈ ਜ਼ਰੂਰੀ ਯੋ-ਯੋ ਟੈਸਟ ਪਾਸ ਨਹੀਂ ਕਰ ਸਕੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਫਿਰ ਏਸ਼ੀਆ ਕੱਪ ਲਈ ਚੁਣਿਆ ਗਿਆ ਜਿੱਥੇ ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਰਿਹਾ। ਹਾਲ ਹੀ 'ਚ ਵੈਸਟਇਡੀਜ਼ ਖਿਲਾਫ ਖੇਡੀ ਗਈ ਵਨ ਡੇ ਸੀਰੀਜ਼ 'ਚ ਉਨ੍ਹਾਂ ਨੇ ਚੌਥੇ ਨੰਬਰ 'ਤੇ ਠੀਕ-ਠਾਕ ਬੱਲੇਬਾਜ਼ੀ ਕਰਕੇ ਆਪਣਾ ਦਾਅਵਾ ਮਜ਼ਬੂਤ ਕਰ ਲਿਆ ਹੈ। ਕਪਤਾਨ ਕੋਹਲੀ ਵੀ ਉਨ੍ਹਾਂ ਨੂੰ 2019 ਵਰਲਡ ਕੱਪ ਲਈ ਆਜ਼ਮਾਉਣਾ ਚਾਹੁੰਦੇ ਹਨ। ਰਾਇਡੂ ਨੇ 17 ਸਾਲ ਫਰਸਟ ਕਲਾਸ ਕ੍ਰਿਕਟ ਖੇਡਿਆ। 97 ਮੁਕਾਬਲਿਆਂ 'ਚ ਉਨ੍ਹਾਂ ਨੇ 6151 ਦੌੜਾਂ ਬਣਾਈਆਂ।

Tarsem Singh

This news is Content Editor Tarsem Singh