ਬੰਗਲਾਦੇਸ਼ੀ ਕ੍ਰਿਕਟਰ ''ਤੇ ਪਤਨੀ ਨੇ ਦਾਜ ਲਈ ਤੰਗ-ਪਰੇਸ਼ਾਨ ਕਰਨ ਦੇ ਲਗਾਏ ਦੋਸ਼

08/27/2018 3:03:35 PM

ਢਾਕਾ : ਬੰਗਲਾਦੇਸ਼ੀ ਕ੍ਰਿਕਟਰ ਮੋਸਾਦਿਕ ਹੁਸੈਨ ਸੈਕਤ ਦੀ ਪਤਨੀ ਨੇ ਬੱਲੇਬਾਜ਼ 'ਤੇ ਘਰੋਂ ਕੱਢਣ ਅਤੇ ਦਾਜ ਲਈ ਤੰਗ-ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮਤਾਬਕ, ਮੋਸਾਦਿਕ ਨੇ 6 ਸਾਲ ਪਹਿਲਾਂ ਆਪਣੀ ਭੈਣ ਸ਼ਰਮੀਨ ਸਮੀਰਾ ਊੁਸ਼ਾ ਨਾਲ ਵਿਆਹ ਕੀਤਾ ਸੀ। 22 ਸਾਲਾਂ ਇਸ ਕ੍ਰਿਕਟਰ ਨੂੰ ਯੂ. ਏ. ਈ. 'ਚ 13 ਤੋਂ 28 ਸਤੰਬਰ ਤੱਕ ਹੋਣ ਵਾਲੇ 50 ਓਵਰ ਦੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।

ਮੀਡੀਆ ਮੁਤਾਬਕ ਜੱਜ ਰੋਸੀਨਾ ਖਾਨ ਨੇ ਕਲ ਇਸ ਕ੍ਰਿਕਟਰ ਖਿਲਾਫ ਊਸ਼ਾ ਦੇ ਦੋਸ਼ਾਂ ਨੂੰ ਸਵੀਕਾਰ ਕੀਤਾ ਅਤੇ ਸਦਰ ਉਪ ਜਿਲਾ ਕਾਰਜਕਾਰੀ ਅਧਿਕਾਰੀ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਊਸ਼ਾ ਦੇ ਵਕੀਲ ਰੇਜਾਉਲ ਕਰੀਮ ਦੁਲਾਲ ਨੇ ਦੋਸ਼ ਲਗਾਇਆ ਕਿ ਮੋਸਾਦਿਕ ਲੰਬੇ ਸਮੇਂ ਤੋਂ ਆਪਣੀ ਪਤਨੀ ਨੂੰ ਤੰਗ-ਪਰੇਸ਼ਾਨ ਕਰ ਰਿਹਾ ਸੀ। ਉਸ ਨੇ ਦਾਅਵਾ ਕੀਤਾ ਕਿ ਮੋਸਾਦਿਕ ਨੇ 10 ਲੱਖ ਟਕਾ ਦੇ ਦਾਜ ਲਈ ਉਸ ਨੂੰ ਤੰਗ ਕੀਤਾ ਅਤੇ 15 ਅਗਸਤ ਨੂੰ ਘਰੋਂ ਬਾਹਰ ਕੱਢ ਦਿੱਤਾ।

ਇਸ ਮਾਮਲੇ 'ਚ ਕ੍ਰਿਕਟਰ ਦੀ ਪ੍ਰਤੀਕਿਰਿਆ ਨਹੀਂ ਲਈ ਜਾ ਸਕੀ ਹੈ। ਮੋਸਾਦਿਕ ਦੇ ਭਰਾ ਮੋਸਾਬਿਰ ਹੁਸੈਨ ਨੇ ਕਿਹਾ, '' ਵਿਆਹ ਦੇ ਬਾਅਦ ਤੋਂ ਹੀ ਉਨ੍ਹਾਂ ਵਿਚਾਲੇ ਝਗੜਾ ਰਹਿੰਦਾ ਸੀ। ਮੋਸਾਦਿਕ ਨੇ 15 ਅਗਸਤ ਨੂੰ ਤਲਾਕਨਾਮਾ ਭੇਜਿਆ ਸੀ ਪਰ ਉਸ ਨੇ ਵਿਆਹ ਦੇ ਕਾਗਜ਼ਾ 'ਚ ਲਿਖੇ ਪੈਸੇ ਤੋਂ ਵੱਧ ਪੈਸਾ ਮੰਗਿਆ। ਮੋਸਾਬਿਰ ਨੇ ਦੋਸ਼ ਲਗਾਇਆ ਕਿ ਊਸ਼ਾ ਨੇ ਇਹ ਗਲਤ ਅਤੇ ਝੂਠ ਖਬਰ ਫੈਲਾਈ ਕਿ ਉਸ ਨੂੰ ਪੈਸਾ ਨਹੀਂ ਮਿਲਿਆ ਅਤੇ ਉਸ ਨੇ ਮਾਮਲਾ ਦਰਜ ਕਰਾ ਦਿੱਤਾ।