ਭਾਰਤ ਨੂੰ ਦੱਸ ਵਿਕਟਾਂ ਨਾਲ ਹਰਾ ਕੇ ਆਸਟਰੇਲੀਆ ਨੇ ਵਨ-ਡੇ 'ਚ ਬਣਾਏ ਇਹ ਵੱਡੇ ਰਿਕਾਰਡ

01/15/2020 12:34:38 PM

ਸਪੋਰਟਸ ਡੈਸਕ— ਭਾਰਤ ਅਤੇ ਆਸਟਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦੀ ਸ਼ੁਰੂਆਤ ਬੀਤੇ ਦਿਨ ਮੰਗਲਵਾਰ ਤੋਂ ਹੋ ਗਈ। ਜਿਥੇ ਪਹਿਲਾ ਮੈਚ ਮੁੰਬਈ ਦੇ ਵਾਨਖੇੜੇ 'ਚ ਖੇਡਿਆ ਗਿਆ ਜਿਸ 'ਚ ਭਾਰਤ ਨੂੰ 10 ਵਿਕਟਾਂ ਨਾਲ ਕਰਾਰੀ ਹਾਰ ਮਿਲੀ। ਇਸ ਦੇ ਨਾਲ ਆਸਟਰੇਲੀਆ ਨੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ। ਇਸ ਜਿੱਤ ਦੇ ਨਾਲ ਹੀ ਆਸਟਰੇਲੀਆਈ ਟੀਮ ਅਤੇ ਖਿਡਾਰੀਆਂ ਨੇ ਕਈ ਰਿਕਾਰਡ ਆਪਣੇ ਨਾਂ ਦਰਜ ਕਰ ਲਏ।

5ਵੀਂ ਵਾਰ 10 ਵਿਕਟਾਂ ਨਾਲ ਜਿੱਤੇ ਕੰਗਾਰੂ
ਵਨ-ਡੇ ਕ੍ਰਿਕਟ ਇਤਿਹਾਸ 'ਚ ਇਹ 5ਵਾਂ ਮੌਕਾ ਹੈ ਜਦੋਂ ਆਸਟਰੇਲੀਆ ਨੇ 10 ਵਿਕਟਾਂ ਨਾਲ ਮੈਚ ਜਿੱਤਿਆ ਹੋਵੇ। ਕੰਗਾਰੂਆਂ ਨੇ ਪਹਿਲੀ ਵਾਰ ਇਹ ਕਾਰਨਾਮਾ ਸਾਲ 2001 'ਚ ਕੀਤਾ ਸੀ। ਤੱਦ ਵੈਸਟਇੰਡੀਜ਼ ਨੂੰ ਹਰਾ ਕੇ ਆਸਟਰੇਲੀਆ ਨੇ ਇਤਿਹਾਸ ਰਚਿਆ ਸੀ। ਇਸ ਤੋਂ ਬਾਅਦ 2003 'ਚ ਇੰਗਲੈਂਡ, 2005 ਅਤੇ 2007 'ਚ ਬੰਗਲਾਦੇਸ਼ ਅਤੇ 2020 'ਚ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ ।

ਬਿਨਾਂ ਵਿਕਟਾਂ ਗੁਆਏ ਟੀਚੇ ਦਾ ਪਿੱਛਾ ਕਰਦੇ ਹੋਏ ਸਭ ਤੋਂ ਵੱਡੀ ਸਾਂਝੇਦਾਰੀ
ਭਾਰਤ ਵਲੋਂ ਦਿੱਤੇ 256 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੇ ਐਰੋਨ ਫਿੰਚ ਅਤੇ ਡੇਵਿਡ ਵਾਰਨਰ ਜਦੋਂ ਅਜੇਤੂ ਪਵੇਲੀਅਨ ਪਰਤੇ ਤਾਂ ਇਤਿਹਾਸ ਬਣਾ ਚੁੱਕੇ ਸਨ। ਫਿੰਚ ਨੇ ਇਸ ਮੈਚ 'ਚ 110 ਅਤੇ ਵਾਰਨਰ ਨੇ 128 ਦੌੜਾਂ ਦੀ ਪਾਰੀ ਖੇਡੀ। ਦੋਵਾਂ ਖਿਡਾਰੀਆਂ ਦੇ ਵਿਚਾਲੇ 258 ਦੌੜਾਂ ਦੀ ਸਾਂਝੇਦਾਰੀ ਹੋਈ। ਵਨ-ਡੇ ਕ੍ਰਿਕਟ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ ਜਦੋਂ ਬਿਨਾਂ ਵਿਕਟ ਗੁਆਏ ਇੰਨਾ ਵੱਡਾ ਟੀਚਾ ਹਾਸਲ ਕੀਤਾ ਗਿਆ।

ਭਾਰਤ ਖਿਲਾਫ ਸਭ ਤੋਂ ਵੱਡੀ ਵਨ ਡੇ ਸਾਂਝੇਦਾਰੀ
ਭਾਰਤ ਖਿਲਾਫ ਕਿਸੇ ਵੀ ਵਿਕਟ ਲਈ ਇਹ ਸਭ ਤੋਂ ਵੱਡੀ ਸਾਂਝੇਦਾਰੀ ਹੈ। ਵਾਰਨਰ ਅਤੇ ਫਿੰਚ ਨੇ ਮਿਲ ਕੇ 258 ਦੌੜਾਂ ਦੀ ਪਾਰਟਨਰਸ਼ਿਪ ਕੀਤੀ। ਇਸ ਤੋਂ ਪਹਿਲਾਂ ਇਹ ਰਿਕਾਰਡ ਜਾਰਜ ਬੇਲੀ ਅਤੇ ਸਟੀਵ ਸਮਿਥ ਦੇ ਨਾਂ ਸੀ ਜਿਨਾਂ ਨੇ 2016 'ਚ ਪਰਥ 'ਚ 242 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਉਂਝ ਆਸਟਰੇਲੀਆ ਲਈ ਇਹ ਤੀਜੀ ਸਭ ਤੋਂ ਵੱਡੀ ਸਾਂਝੇਦਾਰੀ ਹੈ, ਕਿਸੇ ਵੀ ਵਿਕਟ ਦੇ ਲਈ।

ਦੂਜੀ ਵਾਰ ਟੀਚੇ ਦਾ ਪਿੱਛਾ ਕਰਦੇ ਹੋਏ ਦੋਵਾਂ ਓਪਨਰਸ ਦਾ ਸੈਂਕੜਾ
ਵਨ-ਡੇ ਕ੍ਰਿਕਟ ਇਤਿਹਾਸ 'ਚ ਇਹ ਦੂਜਾ ਮੌਕਾ ਹੈ ਜਦੋਂ ਟੀਚੇ ਦਾ ਪਿੱਛਾ ਕਰਦੇ ਹੋਏ ਦੋਵਾਂ ਆਸਟਰੇਲੀਆਈ ਓਪਨਰਸ ਨੇ ਸੈਂਕੜੇ ਲਾਏ ਹਨ। ਵਾਰਨਰ-ਫਿੰਚ ਤੋਂ ਪਹਿਲਾਂ ਸਾਲ 2006 'ਚ ਐਡਮ ਗਿਲਕ੍ਰਿਸਟ ਅਤੇ ਸਾਇਮਨ ਕੈਟਿਚ ਨੇ ਸ਼੍ਰੀਲੰਕਾ ਖਿਲਾਫ ਗਾਬਾ 'ਚ ਸ਼ੈਕੜੇ ਵਾਲੀ ਪਾਰੀ ਖੇਡੀ ਸੀ। ਇਸ ਤੋਂ ਇਲਾਵਾ ਭਾਰਤ ਖਿਲਾਫ ਕਿਸੇ ਵੀ ਟੀਮ ਦੇ ਓਪਨਰਸ ਨੇ ਪਹਿਲੀ ਵਾਰ ਟੀਚੇ ਦਾ ਪਿੱਛਾ ਕਰਦੇ ਹੋਏ ਸੈਂਕੜੇ ਹਨ।

ਵਾਰਨਰ ਬਣੇ ਸਭ ਤੋਂ ਤੇਜ਼ ਪੰਜ ਹਜ਼ਾਰੀ ਕੰਗਾਰੂ ਖਿਡਾਰੀ
ਮੁੰਬਈ ਵਨ-ਡੇ 'ਚ ਸੈਂਕੜੇ ਲਗਾਉਂਦੇ ਹੀ ਡੇਵਿਡ ਵਾਰਨਰ ਨੇ ਵਨ-ਡੇ ਕ੍ਰਿਕਟ 'ਚ ਪੰਜ ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ। ਵਾਰਨਰ ਨੇ ਇਹ ਮੁਕਾਮ 115ਵੀਂ ਪਾਰੀ 'ਚ ਹਾਸਲ ਕੀਤਾ। ਇਸ ਦੇ ਨਾਲੁਉਹ ਸਭ ਤੋਂ ਤੇਜ਼ ਪੰਜ ਹਜ਼ਾਰ ਵਨ-ਡੇ ਦੌੜਾਂ ਬਣਾਉਣ ਵਾਲੇ ਕੰਗਾਰੂ ਬੱਲੇਬਾਜ਼ ਬਣ ਗਏ ਹਨ। ਓਵਰਆਲ ਰਿਕਾਰਡ ਵੇਖੀਏ ਤਾਂ ਸਭ ਤੋਂ ਪਹਿਲਾ ਨਾਂ ਦੱਖਣੀ ਅਫਰੀਕਾ ਦੇ ਹਾਸ਼ਿਮ ਅਮਲਾ ਦਾ ਆਉਂਦਾ ਹੈ ਜਿਨ੍ਹਾਂ ਨੇ 101 ਪਾਰੀਆਂ 'ਚ ਇਹ ਉਪਲਬੱਧੀ ਹਾਸਲ ਕਰ ਲਈ ਸੀ।